ਜਲੰਧਰ 'ਚ ਸਪੋਰਟਸ ਹੱਬ ਦੀ ਨੀਂਹ 'ਚ ਵਰਤਿਆ ਜਾ ਰਿਹਾ ਮਾੜਾ ਮਟੀਰੀਅਲ
ਜਲੰਧਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਰਟ ਸਿਟੀ ਮਿਸ਼ਨ ਤਹਿਤ ਕੇਂਦਰ ਸਰਕਾਰ ਵੱਲੋਂ ਜਲੰਧਰ ਸ਼ਹਿਰ ਨੂੰ ਸੁੰਦਰ ਤੇ ਸਮਾਰਟ ਬਣਾਉਣ ਲਈ ਆਦੇਸ਼ ਦਿੱਤੇ ਗਏ ਸਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਮਾਰਟ ਸਿਟੀ ਦਾ ਵਧੇਰੇ ਪੈਸਾ ਕਮਿਸ਼ਨਖੋਰੀ ਅਤੇ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਦਾ ਜਾ ਰਿਹਾ ਹੈ।
ਦੱਸਣਯੋਗ ਇਹ ਹੈ ਕਿ ਇਸ ਮਾਮਲੇ ਸਬੰਧੀ ਪਹਿਲਾਂ ਵੀ ਕਈ ਖਬਰਾਂ ਸਾਹਮਣੇ ਆਈਆਂ ਸਨ ਪਰ ਉਨ੍ਹਾਂ ਸਾਰੀਆਂ ਸ਼ਿਕਾਇਤਾਂ ਨੂੰ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਦਬਾਅ ਦਿੱਤਾ ਗਿਆ ਸੀ। ਹਾਲ ਹੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਜ਼ਰੀਏ ਜਲੰਧਰ ਸਮਾਰਟ ਸਿਟੀ ਦੀ ਇਕ ਸ਼ਿਕਾਇਤ ਪੁੱਜੀ ਹੈ, ਜਿਸ ਵਿੱਚ ਬਹੁਤ ਹੀ ਗੰਭੀਰ ਦੋਸ਼ ਲਗਾਏ ਗਏ ਹਨ ਕਿ ਸਮਾਰਟ ਸਿਟੀ ਦੇ 78 ਕਰੋੜ ਰੁਪਏ ਦੀ ਲਾਗਤ ਨਾਲ ਬਲਟਰਨ ਪਾਰਕ ਵਿੱਚ ਜਿਹੜਾ ਸਪੋਰਟਸ ਹੱਬ ਤਿਆਰ ਹੋ ਰਿਹਾ ਹੈ, ਉਸ ਦੀ ਨੀਂਹ ਵਿੱਚ ਪੁਰਾਣੀਆਂ ਇੱਟਾਂ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਅਮਿਤ ਸ਼ਾਹ ਅੱਜ ਲੋਕ ਸਭਾ 'ਚ ਪੇਸ਼ ਕਰਨਗੇ ਦਿੱਲੀ ਨਗਰ ਨਿਗਮ ਦਾ ਬਿੱਲ
ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਸਪੋਰਟਸ ਹੱਬ ਦੀ ਨਵੀਂ ਚਾਰਦੀਵਾਰੀ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਤਹਿਤ ਅੰਗਰੇਜ਼ਾਂ ਦੇ ਸਮੇਂ ਬਣੀ ਪੁਰਾਣੀ ਕੰਧ ਨੂੰ ਤੋੜਿਆ ਗਿਆ ਅਤੇ ਉਸ 'ਚੋਂ ਜਿਹੜੀਆਂ ਇੱਟਾਂ ਨਿਕਲੀਆਂ, ਉਨ੍ਹਾਂ ਦੀ ਹੀ ਵਰਤੋਂ ਨਾਲ ਸਪੋਰਟਸ ਹੱਬ ਦੀ ਬਾਊਂਡਰੀ ਦੀ ਨੀਂਹ ਤਿਆਰ ਕੀਤੀ ਜਾ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੱਖਾਂ ਰੁਪਏ ਤਨਖ਼ਾਹ ਲੈਣ ਵਾਲੇ ਸਮਾਰਟ ਸਿਟੀ ਤੇ ਨਿਗਮ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਤੱਕ ਨਹੀਂ।
ਜਲੰਧਰ ਨਗਰ ਨਿਗਮ ਤੇ ਜਲੰਧਰ ਸਮਾਰਟ ਸਿਟੀ ਕੰਪਨੀ ਦੇ ਅਧਿਕਾਰੀਆਂ ਜਿਹੜੇ ਸਰਕਾਰੀ ਖਜ਼ਾਨੇ ਵਿਚੋਂ ਹਰ ਮਹੀਨੇ ਲੱਖਾਂ ਰੁਪਏ ਤਨਖਾਹ ਅਤੇ ਸਾਰੀਆਂ ਸੁੱਖ-ਸਹੂਲਤਾਂ ਲੈਂਦੇ ਹਨ, ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਖ਼ਬਰ ਨਹੀਂ ਹੈ ਕਿਉਂਕਿ ਉਹ ਵਿਕਾਸ ਕਾਰਜਾਂ ਸਬੰਧੀ ਸਾਈਟ 'ਤੇ ਜਾਂਦੇ ਹੀ ਨਹੀਂ ਅਤੇ ਏਅਰਕੰਡੀਸ਼ਨ ਦਫਤਰਾਂ ਵਿੱਚ ਬੈਠ ਕੇ ਹੀ ਠੇਕੇਦਾਰਾਂ ਦੇ ਬਿੱਲ ਪਾਸ ਕਰ ਦਿੰਦੇ ਹਨ।
ਇਹ ਵੀ ਪੜ੍ਹੋ: ਪੀਜੀਆਈ ਦੇ ਡਾਇਰੈਕਟਰ ਦੇ ਭਰੋਸੇ ਮਗਰੋਂ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਸਮਾਪਤ
ਦੱਸਣਯੋਗ ਇਹ ਹੈ ਕਿ ਬਲਟਰਨ ਪਾਰਕ ਸਪੋਰਟਸ ਹੱਬ ਦੀ ਕੰਧ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਦੀ ਜ਼ਿੰਮੇਵਾਰੀ ਜਲੰਧਰ ਸਮਾਰਟ ਸਿਟੀ ਦੇ ਟੀਮ ਲੀਡਰ ਕੁਲਵਿੰਦਰ ਸਿੰਘ ਦੀ ਹੈ, ਨੋਡਲ ਅਫਸਰ ਵਜੋਂ ਜਲੰਧਰ ਨਿਗਮ ਦੇ ਐੱਸ. ਈ. ਰਜਨੀਸ਼ ਡੋਗਰਾ ਵੀ ਇਸ ਮਾਮਲੇ ਵਿੱਚ ਅਣਗਹਿਲੀ ਦੇ ਜ਼ਿੰਮੇਵਾਰ ਹਨ ਕਿਉਂਕਿ ਇਨ੍ਹਾਂ ਦੀ ਟੀਮ ਨੇ ਵੀ ਸਾਈਟ 'ਤੇ ਜਾਣਾ ਹੁੰਦਾ ਹੈ ਪਰ 78 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਨੀਂਹ ਵਿੱਚ ਪੁਰਾਣੀਆਂ ਇੱਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਬਾਰੇ ਸਮਾਰਟ ਸਿਟੀ ਤੇ ਨਾ ਹੀ ਨਿਗਮ ਅਧਿਕਾਰੀਆਂ ਨੂੰ ਕਿਸੀ ਤਰ੍ਹਾਂ ਦੀ ਕੋਈ ਜਾਣਕਾਰੀ ਹੈ। ਇਸ ਦੇ ਨਾਲ ਹੀ ਸਮਾਰਟ ਸਿਟੀ ਦੇ ਟੀਮ ਲੀਡਰ ਕੁਲਵਿੰਦਰ ਸਿੰਘ ਉਹੀ ਅਧਿਕਾਰੀ ਹਨ ਜੋ ਕਿ ਪਹਿਲਾਂ ਵੀ ਇਕ ਘਪਲੇ ਵਿਚ ਮੁਅੱਤਲ ਕੀਤੇ ਗਏ ਸਨ।
-PTC News