Sat, Apr 27, 2024
Whatsapp

ਸ਼ਰਾਬ ਤੋਂ ਬਾਅਦ ਦਿੱਲੀ 'ਚ ਤੇਲ ਵੀ ਉੱਛਲਿਆ, ਪੈਟਰੋਲ 1.67 ਤੇ ਡੀਜ਼ਲ 7.10 ਰੁਪਏ ਮਹਿੰਗਾ

Written by  Panesar Harinder -- May 05th 2020 04:04 PM
ਸ਼ਰਾਬ ਤੋਂ ਬਾਅਦ ਦਿੱਲੀ 'ਚ ਤੇਲ ਵੀ ਉੱਛਲਿਆ, ਪੈਟਰੋਲ 1.67 ਤੇ ਡੀਜ਼ਲ 7.10 ਰੁਪਏ ਮਹਿੰਗਾ

ਸ਼ਰਾਬ ਤੋਂ ਬਾਅਦ ਦਿੱਲੀ 'ਚ ਤੇਲ ਵੀ ਉੱਛਲਿਆ, ਪੈਟਰੋਲ 1.67 ਤੇ ਡੀਜ਼ਲ 7.10 ਰੁਪਏ ਮਹਿੰਗਾ

ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਕਾਰਨ ਆਰਥਿਕਤਾ 'ਤੇ ਪੈ ਰਹੇ ਪ੍ਰਭਾਵਾਂ ਨਾਲ ਨਜਿੱਠਣ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇੱਕ ਹੋਰ ਵੱਡਾ ਫ਼ੈਸਲਾ ਲਿਆ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਵਧਾਉਣ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੋਵਾਂ 'ਤੇ ਵੈਟ ਵਧਾਉਣ ਦੇ ਐਲਾਨ ਤੋਂ ਬਾਅਦ ਪੈਟਰੋਲ 'ਤੇ ਵੈਟ ਨੂੰ ਵਧਾ ਕੇ 27 ਫ਼ੀਸਦੀ ਤੋਂ 30 ਫ਼ੀਸਦੀ ਕਰ ਦਿੱਤਾ ਗਿਆ ਹੈ, ਜਦਕਿ ਡੀਜ਼ਲ 'ਤੇ 16.77 ਫ਼ੀਸਦੀ ਤੋਂ ਵਧਾ ਕੇ 30 ਫ਼ੀਸਦੀ ਕਰ ਦਿੱਤਾ ਗਿਆ ਹੈ। ਅਤੇ ਇਨ੍ਹਾਂ ਫ਼ੈਸਲਿਆਂ ਦੇ ਨਤੀਜੇ ਵਜੋਂ ਮੰਗਲਵਾਰ ਤੋਂ ਦਿੱਲੀ ਵਿੱਚ ਹੁਣ ਪੈਟਰੋਲ ਦੀ ਕੀਮਤ ਵਿੱਚ 1.67 ਰੁਪਏ ਅਤੇ ਡੀਜ਼ਲ ਦੀ ਕੀਮਤ ਵਿੱਚ 7.10 ਰੁਪਏ ਦਾ ਵਾਧਾ ਹੋ ਗਿਆ ਹੈ। ਵਧੀਆਂ ਹੋਈਆਂ ਕੀਮਤਾਂ ਅਨੁਸਾਰ ਹੁਣ ਦਿੱਲੀ ਵਿੱਚ ਪੈਟਰੋਲ ਦੀ ਕੀਮਤ 71.26 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂ ਕਿ ਡੀਜ਼ਲ ਦੀ ਕੀਮਤ 69.29 ਪ੍ਰਤੀ ਲੀਟਰ ਹੋ ਗਈ ਹੈ। ਤੇਲ ਕੀਮਤਾਂ ਦੇ ਵਾਧੇ ਦੇ ਇਸ ਫ਼ੈਸਲੇ ਦੇ ਬਾਰੇ 'ਚ ਦਿੱਲੀ ਦੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਕਿਹਾ ਕਿ ਜ਼ਿੰਦਗੀ ਹਮੇਸ਼ਾ ਸ਼ਾਨਦਾਰ ਨਹੀਂ ਹੁੰਦੀ। ਮੁਸ਼ਕਿਲ ਸਮਿਆਂ ਵਿੱਚ ਸਖ਼ਤ ਫੈਸਲੇ ਲਏ ਜਾਂਦੇ ਹਨ। ਵਿੱਤ ਮੰਤਰੀ ਵਜੋਂ ਮੈਂ ਇਹੀ ਸਿੱਖਿਆ ਹਾਸਲ ਕੀਤੀ ਹੈ। ਦੇਸ਼ ਵਿਆਪੀ ਕੋਰੋਨਾ ਮਹਾਮਾਰੀ ਤੋਂ ਉਪਜੇ ਸੰਕਟ ਕਾਰਨ ਪਿਛਲੇ 40 ਦਿਨਾਂ ਤੋਂ ਵੱਧ ਸਮੇਂ ਤੋਂ ਸਭ ਕੁਝ ਲਾਕਡਾਊਨ ਹੈ, ਜਿਸ ਵਿੱਚ ਸਰਕਾਰ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਹਾਲ ਹੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਸੀ ਕਿ ਸਰਕਾਰ ਦਾ ਅਪ੍ਰੈਲ ਦਾ ਮਾਲੀਆ 3500 ਕਰੋੜ ਰੁਪਏ ਤੋਂ ਘੱਟ ਕੇ 300 ਕਰੋੜ ਰੁਪਏ ਹੋ ਗਿਆ ਹੈ। ਇਹ ਸਪੱਸ਼ਟ ਹੈ ਕਿ ਸਰਕਾਰ ਦੀ ਕਮਾਈ 'ਤੇ ਪੈਣ ਵਾਲੇ ਪ੍ਰਭਾਵ, ਅਤੇ ਸਰਕਾਰੀ ਆਮਦਨੀ ਘਟਣ ਦੀ ਸਜ਼ਾ ਹੁਣ ਆਮ ਲੋਕਾਂ ਨੂੰ ਭੁਗਤਣੀ ਪੈ ਰਹੀ ਹੈ। ਇੱਥੇ ਇਹ ਗੱਲ ਦੱਸਣੀ ਵੀ ਮਹੱਤਵਪੂਰਨ ਹੈ ਕਿ ਤੇਲ ਕੀਮਤਾਂ ਤੋਂ ਪਹਿਲਾਂ ਪਿਛਲੇ ਦਿਨੀਂ ਦਿੱਲੀ ਸਰਕਾਰ ਸ਼ਰਾਬ ਦੀਆਂ ਕੀਮਤਾਂ ਵਿੱਚ ਵੀ ਰਿਕਾਰਡ ਵਾਧਾ ਕਰ ਚੁੱਕੀ ਹੈ। ਸੋਮਵਾਰ ਦੀ ਸ਼ਾਮ ਨੂੰ ਦਿੱਲੀ ਸਰਕਾਰ ਨੇ ਸ਼ਰਾਬ 'ਤੇ 70 ਪ੍ਰਤੀਸ਼ਤ ਕੋਵਿਡ ਸੈੱਸ ਲਗਾਇਆ, ਜਿਸ ਕਾਰਨ ਸ਼ਰਾਬ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਲਾਕਡਾਊਨ ਵਿੱਚ ਕੁਝ ਢਿੱਲ ਮਿਲਣ ਤੋਂ ਬਾਅਦ ਸੋਮਵਾਰ ਦੇ ਦਿਨ ਦੇਰ ਬਾਅਦ ਖੁੱਲ੍ਹੀਆਂ ਸ਼ਰਾਬ ਦੀਆਂ ਦੁਕਾਨਾਂ 'ਤੇ ਭਾਰੀ ਭੀੜ ਸੀ, ਜਿਸ ਦੌਰਾਨ ਲੋਕਾਂ ਨੇ ਕੋਰੋਨਾ ਤੋਂ ਬਚਾਅ ਲਈ ਅਪਣਾਈਆਂ ਜਾ ਰਹੀਆਂ 'ਸਮਾਜਿਕ ਦੂਰੀਆਂ' ਦੀ ਵੀ ਪਰਵਾਹ ਨਹੀਂ ਕੀਤੀ। ਪਰ ਅਗਲੇ ਹੀ ਦਿਨ ਸਰਕਾਰ ਨੇ ਸ਼ਰਾਬ ਦੀ ਕੀਮਤ ਵਿੱਚ ਵੀ ਵਾਧਾ ਕਰਨ ਦਾ ਫ਼ੈਸਲਾ ਕਰ ਲਿਆ, ਹਾਲਾਂਕਿ ਇਨ੍ਹਾਂ ਸਭ ਗੱਲਾਂ ਦੇ ਬਾਵਜੂਦ ਮੁੜ ਮੰਗਲਵਾਰ ਸਵੇਰ ਨੂੰ ਵੀ ਸ਼ਰਾਬ ਦੀਆਂ ਦੁਕਾਨਾਂ 'ਤੇ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ।


  • Tags

Top News view more...

Latest News view more...