
ਨਵੀਂ ਦਿੱਲੀ : ਰਾਜਧਾਨੀ ਵਿਚ ਕੋਰੋਨਾ ਦੀ ਲਾਗ ਕਾਰਨ ਸਥਿਤੀ ਲਗਾਤਾਰ ਬਦਤਰ ਹੁੰਦੀ ਜਾ ਰਹੀ ਹੈ। ਸਰਕਾਰ ਤੇ ਪ੍ਰਸ਼ਾਸਨ ਦੇ ਦਾਅਵਿਆਂ ਦੇ ਉਲਟ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵੱਖ-ਵੱਖ ਹਸਪਤਾਲਾਂ 'ਚ ਆਕਸੀਜਨ ਦਾ ਸੰਕਟ ਬਰਕਰਾਰ ਹੈ। ਇਸ ਦੌਰਾਨ ਦਿੱਲੀ ਦੇ ਬੱਤਰਾ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਕੋਵਿਡ-19 ਦੇ ਅੱਠ ਮਰੀਜ਼ਾਂ ਦੀ ਮੌਤ ਹੋ ਗਈ।
ਪੜ੍ਹੋ ਹੋਰ ਖ਼ਬਰਾਂ : ਅਮਰੀਕਾ ਤੇ ਆਸਟਰੇਲੀਆ ਨੇ ਵੀ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਾਇਆ ਬੈਨ
ਇਸ ਦੌਰਾਨ ਬਤਰਾ ਹਸਪਤਾਲ ਦੇ ਡਾਇਰੈਕਟਰ ਦਾ ਕਹਿਣਾ ਹੈ ਕਿ ਇੱਥੇ ਭਰਤੀ 8 ਮਰੀਜ਼ਾਂ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਹੋ ਗਈ ਹੈ। ਇਨ੍ਹਾਂ 'ਚੋਂ 6 ਆਈਸੀਯੂ 'ਚ ਭਰਤੀ ਸਨ ਜਦ ਕਿ 2 ਵਾਰਡ 'ਚ ਸੀ। ਆਕਸੀਜਨ ਨਾ ਮਿਲਣ ਕਾਰਨ ਸਾਰਿਆਂ ਮਰੀਜ਼ਾਂ ਦੀ ਜਾਨ ਗਈ ਹੈ। ਹਸਪਤਾਲ 'ਚ ਭਰਤੀ ਲਗਪਗ 300 ਮਰੀਜ਼ਾਂ ਦੀ ਜਾਨ ਸੰਕਟ 'ਚ ਹੈ।
ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਐਸਸੀਐਲ ਗੁਪਤਾ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਸੱਤ ਵਜੇ ਹੀ ਉਹ ਦਿੱਲੀ ਸਰਕਾਰ ਨੂੰ ਗੁਹਾਲ ਲਾ ਰਹੇ ਸੀ ਕਿ ਕੁਝ ਹੀ ਘੰਟਿਆਂ ਦੀ ਆਕਸੀਜਨ ਬਚੀ ਹੈ। ਇਸ ਦੇ ਬਾਵਜੂਦ ਆਕਸੀਜਨ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਹਰ 10 ਮਿੰਟ 'ਤੇ ਉਹ ਸਬੰਧਿਤ ਅਧਿਕਾਰੀਆਂ ਨੂੰ ਅਪਡੇਟ ਦੇ ਰਹੇ ਸੀ ਪਰ ਅਧਿਕਾਰੀਆਂ ਨੇ ਸਮੇਂ 'ਤੇ ਆਕਸੀਜਨ ਨਹੀਂ ਭੇਜਿਆ।
ਜ਼ਿਕਰਯੋਗ ਹੈ ਕਿ ਕੋਰੋਨਾ ਨਾਲ ਸੰਕ੍ਰਮਿਤਾਂ ਮਰੀਜ਼ਾਂ ਦਾ ਇਲਾਜ ਕਰ ਰਹੇ ਦਿੱਲੀ ਦੇ ਬਤਰਾ ਹਸਪਤਾਲ 'ਚ ਸ਼ਨੀਵਾਰ ਨੂੰ ਇਕ ਵਾਰ ਫਿਰ ਆਕਸੀਜਨ ਦੀ ਕਿੱਲਤ ਹੋ ਗਈ ਹੈ। ਹਸਪਤਾਲ ਪ੍ਰਬੰਧਨ ਮੁਤਾਬਕ ਇੱਥੇ ਕੁੱਲ 307 ਮਰੀਜ਼ ਭਰਤੀ ਸੀ ਇਸ ਦੌਰਾਨ ਆਕਸੀਜਨ ਨਾ ਮਿਲਣ ਕਾਰਨ 8 ਮਰੀਜ਼ਾਂ ਦੀ ਮੌਤ ਹੋ ਗਈ। ਬਤਰਾ ਹਸਪਤਾਲ ਨੇ ਇਸ ਬਾਬਤ ਸ਼ਨੀਵਾਰ ਨੂੰ ਦਿੱਲੀ ਹਾਈਕੋਰਟ ਨੂੰ ਜਾਣਕਾਰੀ ਦਿੱਤੀ ਹੈ।
ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ
ਹਾਈ ਕੋਰਟ ਨੇ ਦਿੱਲੀ ਸਰਕਾਰ ਨੂੰ ਪੁੱਛਿਆ ਕਿ ਸੰਕਟ ਦੇ ਸਮੇਂ ਵਿਚ ਸੈਨਾ ਦੀ ਮਦਦ ਤੋਂ ਕਿਉਂ ਪਰਹੇਜ਼ ਕੀਤਾ ਗਿਆ ? ਦਿੱਲੀ ਹਾਈਕੋਰਟ ਵਿੱਚ ਕੇਸ ਦੀ ਸੁਣਵਾਈ ਦੌਰਾਨ ਐਮਿਕਸ ਕਿਊਰੀ ਰਾਓ ਨੇ ਕਿਹਾ ਕਿ ਇਹ ਮੇਰੀ ਸਮਝ ਤੋਂ ਪਰੇ ਹੈ ਕਿ ਸੰਕਟ ਦੀ ਇਸ ਘੜੀ ਵਿੱਚ ਦਿੱਲੀ ਸਰਕਾਰ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੀ ਮਦਦ ਲੈਣ ਤੋਂ ਕਿਉਂ ਝਿਜਕ ਰਹੀ ਹੈ।
-PTCNews