
ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਇਸ ਵੇਲੇ ਡੇਂਗੂ ਨਾਲ ਪ੍ਰਭਾਵਿਤ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ,ਜਿਸ ਵਿਚ ਡੇਂਗੂ ਦੀ ਸਬ ਤੋਂ ਜ਼ਿਆਦਾ ਮਾਰ ਪਈ ਹੈ। ਪੰਜਾਬ ਸਰਕਾਰ ਦਾ ਸਿਹਤ ਕਾਰਡ ਜਾਂ ਕੇਂਦਰ ਸਰਕਾਰ ਦਾ ਆਯੂਸ਼ਮਾਨ ਕਾਰਡ ਇਹਨਾਂ ਵਿਚੋਂ ਕੋਈ ਵੀ ਹੋਸ਼ਿਆਰਪੁਰ ਦੇ ਡੇਂਗੂ ਦੇ ਮਰੀਜ਼ਾਂ ਨੂੰ ਇਲਾਜ ਲਈ ਮੁਫ਼ਤ ਸੁਵਿਧਾਵਾਂ ਨਹੀਂ ਦੇ ਰਿਹਾ। ਡੇਂਗੂ ਨਾਲ ਪ੍ਰਭਾਵਿਤ ਆਯੂਸ਼ਮਾਨ ਕਾਰਡ ਧਾਰਕ ਜਿਸ ਬੰਦੇ ਦੇ SDP ਪਲੇਟਲੇਟਸ 7000 ਦੇ ਲਗਭਗ ਰਹਿ ਜਾਣ 'ਤੇ ਵੀ ਉਸ ਨੂੰ ਸਰਕਾਰੀ ਹਸਪਤਾਲ ਵਿਚ ਵੀ ਮੁਫ਼ਤ ਸੇਵਾ ਨਹੀਂ ਮਿਲਦੀ ,ਕਿਉਂਕਿ SDP ਪਲੇਟਲੇਟਸ ਖੂਨ 'ਚੋਂ ਕੱਢਣ ਲਈ ਇਕ ਕੀਟ ਦੀ ਲੋੜ ਪੈਂਦੀ ਹੈ, ਜਿਸ ਕੀਟ ਦੀ ਕੀਮਤ ਗਰੀਬ ਲੋਕਾਂ ਕੋਲੋਂ 7000 ਤੋਂ 10000 ਤੱਕ ਲਈ ਜਾਂਦੀ ਹੈ।
ਜਦੋਂ ਅੱਜ ਇਸ ਸਮੱਸਿਆ ਬਾਰੇ ਸਰਕਾਰੀ ਹਸਪਤਾਲ ਵਿੱਚ ਪੜਤਾਲ ਕੀਤੀ ਗਈ ਤਾਂ ਲੋਕਾਂ ਦੀ ਲੁੱਟ ਹੁੰਦੀ ਸਾਹਮਣੇ ਆਈ ਹੈ। ਆਯੂਸ਼ਮਾਨ ਕਾਰਡ ਧਾਰਕ ਬੰਦੇ ਜਿਸ ਖਿੜਕੀ 'ਤੇ ਕਾਰਡ ਜਮਾਂ ਕਰਵਾਉਂਦੇ ਹਨ, ਉਸ ਖਿੜਕੀ 'ਤੇ ਬੈਠੀ ਇੰਚਾਰਜ ਮਨਜਿੰਦਰ ਕੌਰ ਨੇ ਸਾਨੂੰ ਸਾਫ਼ ਤੌਰ 'ਤੇ ਕਿਹਾ ਕਿ SDP ਪਲੇਟਲੇਟਸ ਦੀ ਕੀਟ ਦੇ ਪੈਸੇ ਸਰਕਾਰ ਨਹੀਂ ਦਿੰਦੀ ,ਇਹ ਕੀਟ ਮਰੀਜ ਨੂੰ ਖ਼ੁਦ ਖਰੀਦਣੀ ਪੈਂਦੀ ਹੈ।
ਇਸ ਤੋਂ ਬਾਅਦ ਜਦੋਂ ਸਰਕਾਰੀ ਹਸਪਤਾਲ ਦੇ ਖੂਨ ਦਾਨ ਵਿਭਾਗ ਦੇ ਇੰਚਾਰਜ ਵਿਨੈ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਵੀ ਹੀ ਕਹਿਣਾ ਸੀ ਕਿ ਉਹਨਾਂ ਕੋਲ ਪਲੇਟਲੇਟਸ ਕੱਢਣ ਵਾਲਿਆ ਮਸ਼ੀਨਾਂ ਤਾਂ ਹੈ ਪਰ ਕੀਟ ਦਾ ਕੋਈ ਇੰਤਜਾਮ ਨਹੀਂ। ਉਹ ਲੋੜਮੰਡ ਮਰੀਜ ਨੂੰ ਹੀ ਖਰੀਦਣੀ ਪੈਂਦੀ ਹੈ। ਇਹ ਕਿਹੜੀ ਮੁਫ਼ਤ ਮੈਡੀਕਲ ਸੇਵਾ ਅਤੇ ਕਿਹੜੇ ਦਾਅਵੇ।
ਜਦੋਂ ਇਸ ਬਾਰੇ ਵਾਰਡਾਂ ਵਿਚ ਪਏ ਡੇਂਗੂ ਦੇ ਮਰੀਜ਼ ਨਾਲ ਗੱਲ ਕੀਤੀ ਤਾਂ ਉਹਨਾਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੀਟ ਸਾਨੂੰ ਆਪਣੀ ਖਰੀਦਣੀ ਪਈ ਅਤੇ ਸਿਰਫ਼ ਗੁਲੂਕੋਸ ਤੋਂ ਇਲਾਵਾ ਕੋਈ ਦਵਾਈ ਫ੍ਰੀ ਨਹੀਂ ਮਿਲੀ। ਨਾਲ ਹੀ ਹਸਪਤਾਲ ਦੇ ਮਾੜੇ ਹਾਲਾਤ ਵੀ ਬਿਆਨ ਕੀਤੇ। ਇਸ ਤੋਂ ਬਾਅਦ ਜਦੋਂ SMO ਜਸਵਿੰਦਰ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਕੀਟ ਵੀ ਫ੍ਰੀ ਹੈ, ਜੇਕਰ ਇਹ ਕੀਟ ਫ੍ਰੀ ਹੈ ਤਾਂ ਗਰੀਬ ਲੋਕਾਂ ਦੀ ਲੁੱਟ ਦਾ ਜਿੰਮੇਵਾਰ ਕੌਣ ਹੈ।
-PTCNews