ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦੀ ਇਜਾਜ਼ਤ ਕਿਸੇ ਕੀਮਤ ‘ਤੇ ਨਹੀਂ ਦਿਆਂਗੇ

0
264
ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦੀ ਇਜਾਜ਼ਤ ਕਿਸੇ ਕੀਮਤ 'ਤੇ ਨਹੀਂ ਦਿਆਂਗੇ
ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦੀ ਇਜਾਜ਼ਤ ਕਿਸੇ ਕੀਮਤ 'ਤੇ ਨਹੀਂ ਦਿਆਂਗੇ

ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦੀ ਇਜਾਜ਼ਤ ਕਿਸੇ ਕੀਮਤ ‘ਤੇ ਨਹੀਂ ਦਿਆਂਗੇ : ਮਨਜਿੰਦਰ ਸਿੰਘ ਸਿਰਸਾ

ਸਿਨਹਾ ਜਾਣ ਬੁਝ ਕੇ ਭਾਜਪਾ ਨਾਮ ਮਾਮਲੇ ਵਿਚ ਘੜੀਸਣਾ ਚਾਹੁੰਦੇ ਹਨ ਜਦਕਿ ਪਾਰਟੀ ਨੇ ਪਹਿਲਾਂ ਹੀ ਤਜਵੀਜ਼ ਦਾ ਵਿਰੋਧ ਕੀਤਾ ਹੈ

ਨਵੀਂ ਦਿੱਲੀ, 24 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਦਿੱਲੀ ਦੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਸਿਰਸਾ ਅੱਜ ਸਪਸ਼ਟ ਤੌਰ ‘ਤੇ ਕਿਹਾ ਕਿ ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦੀ ਇਜਾਜ਼ਤ ਕਿਸੇ ਵੀ ਕੀਮਤ ‘ਤੇ ਨਹੀਂ ਦਿੱਤੀ ਜਾਵੇਗੀ ਤੇ ਨਿਆਂ ਪਸੰਦ ਦੇਸ਼ ਦੇ ਲੋਕ ਇਸ ਮਾਮਲੇ ਵਿਚ ਸੌੜੀ ਸੋਚ ਦੇ ਮਾਲਕ ਲੋਕਾਂ ਵੱਲੋਂ ਪੇਸ਼ ਤਜਵੀਜ਼ ਦਾ ਵਿਰੋਧ ਕਰਨ ਵਾਸਤੇ ਜੋ ਲੋੜੀਂਦਾ ਹੋਇਆ ਕਰਨਗੇ।

ਅੱਜ ਸ਼ਾਮ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਗਵਰਨਿੰਗ ਬਾਡੀ ਦੇ ਚੇਅਰਮੈਨ ਸਿੱਖ ਭਾਈਚਾਰੇ ਨੂੰ ਰਾਸ਼ਟਰਵਾਦ ਸਿਖਾਉਣਾ ਚਾਹ ਰਹੇ ਹਨ ਜਿਸਦਾ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਸ੍ਰੀ ਅਮਿਤਾਭ ਸਿਨਹਾ ਨੇ ਇਸਨੂੰ ਇਕ ਵਿਅਕਤੀਗਤ ਸਵਾਲ ਬਣਾ ਲਿਆ ਹੈ ਤੇ ਉਹ ਭਾਜਪਾ ਦਾ ਨਾਮ ਮਾਮਲੇ ਵਿਚ ਘੜੀਸਣ ਦਾ ਯਤਨ ਕਰ ਰਹੇ ਹਨ ਜਦਕਿ ਮੈਂਬਰ ਪਾਰਲੀਮੈਂਟ ਸ੍ਰੀ ਪਰਵੇਸ਼ ਸਾਹਿਬ ਸਿੰਘ ਵਰਮਾ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਉਹ ਮਹਾਨ ਦਾਰਸ਼ਨਿਕ ਦਿਆਲ ਸਿੰਘ ਮਜੀਠੀਆ ਦੇ ਨਾਮ ਨੂੰ ਮਿਆਉਣ ਦੀ ਕਿਸੇ ਵੀ ਤਜਵੀਜ਼ ਦੇ ਖਿਲਾਫ ਹਨ ਅਤੇ ਉਹਨਾਂ ਨੇ ਇਸ ਮਾਮਲੇ ‘ਤੇ ਵਾਈਸ ਚਾਂਸਲਰ ਨਾਲ ਵੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਤਰਸਯੋਗ ਸਥਿਤੀ ਹੈ ਕਿ ਸੌੜੀ ਤੇ ਸੰਕੀਰਣ ਸੋਚ ਦੇ ਮਾਲਕ ਲੋਕ ਵਿਅਕਤੀਗਤ ਲਾਭ ਵਾਸਤੇ ਰਾਸ਼ਟਰਵਾਦ ਦੇ ਨਾਮ ਦੀ ਦੁਰਵਰਤੋਂ ਕਰਨਾ ਚਾਹੁੰਦੇ ਹਨ।
ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦੀ ਇਜਾਜ਼ਤ ਕਿਸੇ ਕੀਮਤ 'ਤੇ ਨਹੀਂ ਦਿਆਂਗੇ

ਸ੍ਰੀ ਸਿਰਸਾ ਨੇ ਕਿਹਾ ਕਿ ਕਾਲਜ ਦਾ ਨਾਮ ਬਦਲਣ ਵਿਚ ਕਿਸੇ ਵੀ ਰਾਸ਼ਟਰਵਾਦ ਦਾ ਨਾਮ ਸ਼ਾਮਲ ਨਹੀਂ ਹੈ ਤੇ ਇਹ ਸਿਰਫ ਸ੍ਰੀ ਸਿਨਹਾ ਦੀ ਸੋਚੀ ਸਮਝੀ ਕੋਝੀ ਚਾਲ ਹੈ ਜਿਸ ਤਹਿਤ ਉਹ ਦਿਆਲ ਸਿੰਘ ਟਰੱਸਟ ਦੀ ਪ੍ਰਾਪਰਟੀ ਹੜਪਣਾ ਚਾਹੁੰਦੇ ਹਨ ਅਤੇ ਇਸ ਮਾਮਲੇ ‘ਤੇ ਘਟੀਆ ਰਾਜਨੀਤੀ ਕਰ ਰਹੇ ਹਨ।

ਸ੍ਰੀ ਸਿਰਸਾ ਨੇ ਕਿਹਾ ਕਿ ਸ੍ਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਕੇਂਦਰੀ ਕੈਬਨਿਟ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਵੀ ਕ੍ਰਮਵਾਰ ਪ੍ਰਧਾਨ ਮੰਤਰੀ ਤੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਨੂੰ ਇਸ ਮਾਮਲੇ ‘ਤੇ ਪੱਤਰ ਲਿਖੇ ਹਨ। ਉਹਨਾ ਕਿਹਾ ਕਿ ਇਹ ਮੁੱਦਾ ਸਿਰਫ ਕਾਲਜ ਦੇ ਨਾਮ ਬਦਲਣ ਦਾ ਨਹੀਂ ਬਲਕਿ ਉਹਨਾਂ ਵਿਅਕਤੀਆਂ ਦੀ ਮਾੜੀ ਸੋਚ ਤੇ ਘਟੀਆ ਨਿਸ਼ਾਨੇ ਦਾ ਹੈ ਜੋ ਸਿੱਖ ਦਾਰਸ਼ਨਿਕ ਦਾ ਨਾਮ ਖਤਮ ਕਰਨਾ ਚਾਹੁੰਦੇ ਹਨ ਜਿਸਨੇ ਦੇਸ਼ ਦੇ ਨਿਰਮਾਣ ਵਾਸਤੇ ਯੋਗਦਾਨ ਪਾਇਆ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਭਾਵੇਂ ਭਾਜਪਾ ਲੀਡਰਸ਼ਿਪ ਵੱਲੋਂ ਆਪਣੇ ਟਵੀਟ ਰਾਹੀਂ ਇਹ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਉਹ ਅਜਿਹੀਆਂ ਸਾਜ਼ਿਸ਼ਾਂ ਦੇ ਖਿਲਾਫ ਹਨ ਪਰ ਇਹ ਹੈਰਾਨੀ ਵਾਲੀ ਗੱਲ ਹੈ ਕਿ ਸੌੜੇ ਹਿਤਾਂ ਦੇ ਮਾਲਕ ਇਹ ਲੋਕ ਫੋਕੀ ਸ਼ੋਹਰਤ ਹਾਸਲ ਕਰਨਾ ਚਾਹੁੰਦੇ ਹਨ ਤੇ ਸਮਾਜਿਕ ਤਣਾਅ ਪੈਦਾ ਕਰਨ ਦੇ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਦੇਸ ਲੋਕ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਨ ਕਿ ਪਿਛਲੇ ਸਮੇਂ ਦੌਰਾਨ ਵੀ ਅਜਿਹੇ ਯਤਨ ਮੂਧੇ ਮੂੰਹ ਡਿੱਗਦੇ ਰਹੇ ਹਨ ਤੇ ਹੁਣ ਵੀ ਇਹਨਾਂ ਦਾ ਇਹੀ ਹਸ਼ਰ ਹੋਵੇਗਾ।

—PTC News