ESI ਫ਼ੰਡ ਕਟਵਾਉਣ ਵਾਲਿਆਂ ਲਈ ਖੁਸ਼ਖਬਰੀ, 3 ਮਹੀਨੇ ਮਿਲੇਗੀ 50 ਫ਼ੀਸਦੀ ਔਸਤ ਆਮਦਨ

Employees State Insurance Corporation

ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਕਾਰਨ ਨੌਕਰੀਆਂ ਤੋਂ ਵਾਂਝੇ ਹੋਣ ਕਰਕੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਲੋਕਾਂ ਲਈ ਇੱਕ ਆਸ ਦੀ ਕਿਰਨ ਆਈ ਹੈ। ਕਰਮਚਾਰੀ ਰਾਜ ਬੀਮਾ ਨਿਗਮ (Employees’ State Insurance Corporation ਜਾਂ ESIC) ਨੇ ਵੀਰਵਾਰ ਨੂੰ ਇੱਕ ਬੇਹੱਦ ਮਹੱਤਵਪੂਰਨ ਫ਼ੈਸਲੇ ਦਾ ਐਲਾਨ ਕੀਤਾ, ਜਿਸ ‘ਚ ESIC ਨੇ ਇਸ ਸਾਲ 24 ਮਾਰਚ ਤੋਂ 31 ਦਸੰਬਰ, 2020 ਦੌਰਾਨ ਨੌਕਰੀ ਗੁਆਉਣ ਵਾਲੇ ਕਰਮਚਾਰੀਆਂ ਨੂੰ 3 ਮਹੀਨਿਆਂ ਤੱਕ 50 ਫ਼ੀਸਦੀ ਔਸਤ ਆਮਦਨ ਦੇਣ ਲਈ ਨਿਯਮਾਂ ‘ਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਨਾਲ COVID-19 ਕਾਰਨ ਪੈਦਾ ਹੋਈਆਂ ਸਥਿਤੀਆਂ ਕਾਰਨ ਨੌਕਰੀ ਤੋਂ ਹੱਥ ਧੋ ਬੈਠੇ ਲੱਖਾਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਬੱਝ ਗਈ ਹੈ।
Employees State Insurance Corporation
ਈਐੱਸਆਈਸੀ ਦੇ ਇਸ ਫ਼ੈਸਲੇ ਨਾਲ ਉਦਯੋਗਿਕ ਖੇਤਰ ‘ਚ ਕੰਮ ਕਰਨ ਵਾਲੇ ਕਰੀਬ 40 ਲੱਖ ਕਰਮਚਾਰੀਆਂ ਨੂੰ ਫ਼ਾਇਦਾ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਈਐੱਸਆਈਸੀ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਸੰਗਠਨ ਨੇ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਤਹਿਤ ਯੋਗ ਸ਼ਰਤਾਂ ਅਤੇ ਬੇਰੁਜ਼ਗਾਰੀ ਨਾਲ ਜੁੜੇ ਲਾਭ ‘ਚ ਵਾਧੇ ਨੂੰ ਲੈ ਕੇ ਨਿਯਮਾਂ ‘ਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਈਐੱਸਆਈਸੀ ਆਪਣੇ ਅੰਤਰਗਤ ਆਉਂਦੇ ਕਰਮਚਾਰੀਆਂ ਨੂੰ ਬੇਰੁਜ਼ਗਾਰੀ ਨਾਲ ਜੁੜੇ ਲਾਭ ਦੇਣ ਲਈ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਲਾਗੂ ਕਰਦੀ ਹੈ।

ਹੋਰ ਜਾਣਕਾਰੀ ਦਿੰਦੇ ਹੋਏ ਈਐੱਸਆਈਸੀ ਨੇ ਕਿਹਾ ਹੈ ਕਿ COVID-19 ਮਹਾਮਾਰੀ ਕਾਰਨ ਰੁਜ਼ਗਾਰ ਗੁਆਉਣ ਵਾਲੇ ਕਰਮਚਾਰੀਆਂ ਲਈ ਪਹਿਲੀਆਂ ਨਿਰਧਾਰਿਤ ਸ਼ਰਤਾਂ ‘ਚ ਢਿੱਲ ਦਿੱਤੀ ਗਈ ਹੈ, ਅਤੇ ਰਾਹਤ ਨਾਲ ਜੁੜੀ ਰਾਸ਼ੀ ‘ਚ ਵਾਧਾ ਕੀਤਾ ਗਿਆ ਹੈ। ਨਵੀਆਂ ਸ਼ਰਤਾਂ ਅਨੁਸਾਰ ਵਧੀ ਹੋਈ ਰਾਸ਼ੀ ਦਾ ਭੁਗਤਾਨ 24 ਮਾਰਚ 2020 ਤੋਂ 31 ਦਸੰਬਰ 2020 ਵਿਚਕਾਰ ਕਰ ਦਿੱਤਾ ਜਾਵੇਗਾ।
Employees State Insurance Corporation
31 ਦਸੰਬਰ 2020 ਤੋਂ ਬਾਅਦ 1 ਜਨਵਰੀ 2020 ਤੋਂ 30 ਜੂਨ 2020 ਵਿਚਕਾਰ ਇਸ ਸਕੀਮ ਨੂੰ ਅਸਲ ਯੋਗ ਸ਼ਰਤਾਂ ਨਾਲ ਲਾਗੂ ਕੀਤਾ ਜਾਵੇਗਾ। ਈਐੱਸਆਈਸੀ ਨੇ ਕਿਹਾ ਹੈ ਕਿ 31 ਦਸੰਬਰ ਤੋਂ ਬਾਅਦ ਮੰਗ ਅਤੇ ਜ਼ਰੂਰਤ ਦੇ ਆਧਾਰ ‘ਤੇ ਨਿਯਮਾਂ ‘ਚ ਛੋਟ ਬਾਰੇ ਸਮੀਖਿਆ ਤੋਂ ਬਾਅਦ ਵਿਚਾਰ ਕੀਤੀ ਜਾਵੇਗੀ।

ਸੰਗਠਨ ਦਾ ਕਹਿਣਾ ਹੈ ਕਿ ਰਾਹਤ ਰਾਸ਼ੀ ਪ੍ਰਾਪਤ ਕਰਨ ਲਈ ਯੋਗ ਸ਼ਰਤਾਂ ‘ਚ ਢਿੱਲ ਦਿੱਤੀ ਗਈ ਹੈ, ਅਤੇ ਨਾਲ ਹੀ ਰਾਹਤ ਰਾਸ਼ੀ ਨੂੰ ਵਧਾ ਕੇ ਔਸਤ ਤਨਖ਼ਾਹ ਦੇ 50 ਫ਼ੀਸਦੀ ‘ਤੇ ਲੈ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ, ਜੋ ਪਹਿਲਾਂ 25 ਫ਼ੀਸਦੀ ‘ਤੇ ਸੀ। ਇਸ ਰਾਹਤ ਰਾਸ਼ੀ ਦਾ ਭੁਗਤਾਨ ਤਿੰਨ ਮਹੀਨੇ ਤੱਕ ਕੀਤਾ ਜਾਵੇਗਾ। ਇਹ ਵੀ ਦੱਸਿਆ ਗਿਆ ਹੈ ਕਿ ਪਹਿਲਾਂ ਰਾਸ਼ੀ ਦਾ ਭੁਗਤਾਨ ਨੌਕਰੀ ਜਾਣ ਦੇ 90 ਦਿਨ ਬਾਅਦ ਰਾਹਤ ਕੀਤਾ ਜਾ ਸਕਦਾ ਸੀ, ਹੁਣ ਇਹ ਸਮਾਂ-ਸੀਮਾ ਨੂੰ ਘਟਾ ਕੇ 30 ਦਿਨ ਕਰ ਦਿੱਤੀ ਗਈ ਹੈ।
Employees State Insurance Corporation
ਉਪਰੋਕਤ ਕਲੇਮ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਬੀਮਾਯੁਕਤ ਕਰਮਚਾਰੀ ਸਿੱਧਾ ਸੰਗਠਨ ਦੇ ਬ੍ਰਾਂਚ ਦਫ਼ਤਰ ‘ਚ ਆਪਣੇ ਕਲੇਮ ਦੀ ਦਰਖ਼ਾਸਤ ਦੇ ਸਕਦੇ ਹਨ। ਧਿਆਨ ਦੇਣ ਯੋਗ ਹੈ ਕਿ ਨਵੀਆਂ ਸ਼ਰਤਾਂ ਅਨੁਸਾਰ ਕਲੇਮ ਨੂੰ ਪੁਰਾਣੇ ਮਾਲਕ ਤੱਕ ਭੇਜਣ ਦੀ ਥਾਂ, ਰਾਹਤ ਰਾਸ਼ੀ ਦਾ ਭੁਗਤਾਨ ਸਿੱਧਾ ਬੀਮਾਯੁਕਤ ਵਿਅਕਤੀ ਦੇ ਬੈਂਕ ਖਾਤੇ ‘ਚ ਕੀਤਾ ਜਾਵੇਗਾ।

ਈਐੱਸਆਈਸੀ ਦੇ ਇਸ ਫ਼ੈਸਲੇ ਨਾਲ ਕੋਰੋਨਾ ਕਾਲ ‘ਚ ਆਪਣੀਆਂ ਲੋੜਾਂ ਦੀ ਪੂਰਤੀ ਲਈ ਜੂਝਦੇ ਲੋਕਾਂ ਨੂੰ ਕੁਝ ਸੁੱਖ ਦਾ ਸਾਹ ਆਉਣ ਦੀ ਆਸ ਤਾਂ ਹੈ, ਬਸ਼ਰਤੇ ਕਿ ਇਹ ਆਸ ਦੱਸੇ ਅਨੁਸਾਰ ਜ਼ਮੀਨੀ ਹਕੀਕਤ ‘ਤੇ ਵੀ ਪੂਰੀ ਉੱਤਰੇ।