ਰੂਸ ਦੀ ਕੋਰੋਨਾ ਵੈਕਸੀਨ ‘ਤੇ ਉੱਠ ਰਹੇ ਸਵਾਲ ! ਕਈ ਮਾਹਰਾਂ ਨੂੰ ਵੈਕਸੀਨ ਦੀ Safety ‘ਤੇ ਸ਼ੱਕ

Experts doubtful about Russian COVID 19 vaccine

ਰੂਸ ਦੀ ਕੋਰੋਨਾ ਵੈਕਸੀਨ ‘ਤੇ ਉੱਠ ਰਹੇ ਸਵਾਲ ! ਕਈ ਮਾਹਰਾਂ ਨੂੰ ਵੈਕਸੀਨ ਦੀ safety ‘ਤੇ ਸ਼ੱਕ: ਕੋਰੋਨਾਵਾਇਰਸ ਮਹਾਮਾਰੀ ਨੇ ਵਿਸ਼ਵ ਪੱਧਰ ‘ਤੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ , ਜਿਸਦੇ ਚਲਦੇ ਦੇਸ਼-ਵਿਦੇਸ਼ ‘ਚ ਇਸ ਤੋਂ ਬਚਾਅ ਲਈ ਵੈਕਸੀਨ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ , ਇਸ ਵਿਚਾਲੇ ਦੁਨੀਆਂ ਭਰ ‘ਚ ਪਹਿਲੀ ਵੈਕਸੀਨ ਆ ਜਾਣ ਦੀ ਖ਼ਬਰ ਨੇ ਸਾਰੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ । ਦੱਸ ਦੇਈਏ ਕਿ ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦਵਾਈ ਬਣਾ ਲਈ ਹੈ , ਜਿਸਦਾ ਨਾਮ ਸਪੂਤਨਿਕ-ਵੀ (Sputnik V) ਰੱਖਿਆ ਹੈ ਅਤੇ ਇਸਦੀ ਵਰਤੋਂ ਨੂੰ ਲੈ ਕੇ ਮਨਜ਼ੂਰੀ ਮਿਲਣ ਦੀ ਗੱਲ ਵੀ ਕਹਿ ਗਈ ਹੈ ।

ਰੂਸ ਦੇ ਰਾਸ਼ਟਰਪਤੀ ਪੁਤਿਨ ਅਨੁਸਾਰ ਵਿਕਸਿਤ ਕੀਤਾ ਗਿਆ ਕੋਰੋਨਾਵਾਇਰਸ ਦਾ ਟੀਕਾ ਕੋਵਿਡ-19 ਤੋਂ ਨਿਪਟਨ ਲਈ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ , ਇਸਦੇ ਨਾਲ ਹੀ ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਦੀਆਂ ਬੇਟੀਆਂ ਨੂੰ ਵੀ ਇਹ ਟੀਕਾ ਲਗਾਇਆ ਗਿਆ ਹੈ।

ਰਾਸ਼ਟਰਪਤੀ ਪੁਤਿਨ ਨੇ ਵੈਕਸੀਨ ਨੂੰ ਲੈ ਕੇ ਮੰਗਲਵਾਰ ਨੂੰ ਇਸ ਦਵਾਈ ਦੇ ਬਣ ਜਾਣ ਦਾ ਐਲਾਨ ਕੀਤਾ , ਪਰ ਰੂਸ ਦੇ ਦਾਅਵੇ ਮਗਰੋਂ ਮਾਹਰਾਂ ਵੱਲੋਂ ਇਸ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ , ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਵੈਕਸੀਨ ਦੇ ਤੀਸਰੇ ਫੇਜ਼ ਦਾ ਟ੍ਰਾਇਲ ਅਜੇ ਮੁਕੰਮਲ ਨਹੀਂ ਹੋਇਆ ਅਤੇ ਦੂਸਰੇ ਫੇਜ਼ ਦੇ ਨਤੀਜਿਆਂ ਦਾ ਖੁਲਾਸਾ ਵੀ ਅਜੇ ਨਹੀਂ ਕੀਤਾ ਗਿਆ , ਜਿਸ ਨੂੰ ਲੈ ਕੇ ਕਈ ਮਾਹਰਾਂ ਨੇ ਸਵਾਲ ਚੁੱਕੇ ਹਨ।

ਵਿਸ਼ਵ ਸਿਹਤ ਸੰਗਠਪ ਦਾ ਕਹਿਣਾ:-

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵੈਕਸੀਨ ਦੇ ਐਲਾਨ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ(WHO) ਨੇ ਪ੍ਰਤੀਕਿਰਿਆ ਦਿੰਦੇ ਹੋਏ ਵੈਕਸਿੰਗ ਮਾਮਲੇ ‘ਚ ਰੂਸ ਨੂੰ ਜਲਦਬਾਜ਼ੀ ਨਾ ਵਿਖਾਉਣ ਲਈ ਕਿਹਾ ਹੈ । WHO ਨੇ ਰੂਸ ਦੇ ਰਵੱਈਏ ਨੂੰ ਖ਼ਤਰਨਾਕ ਦੱਸਦੇ ਹੋਏ ਕਿਹਾ ਹੈ ਉਨ੍ਹਾਂ ਕੋਲ ਰੂਸ ਵੱਲੋਂ ਤਿਆਰ ਕੀਤੀ ਕੋਰੋਨਾ ਵੈਕਸੀਨ ਦੀ ਕੋਈ ਜਾਣਕਾਰੀ ਨਹੀਂ ਹੈ।

ਏਮਜ਼ ਦੇ ਡਾਇਰੈਕਟਰ:-

ਜਾਣਕਾਰੀ ਮੁਤਾਬਿਕ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਦਾ ਵੀ ਮੰਨਣਾ ਹੈ ਕਿ ਇਸ ਗੱਲ ਦਾ ਪੂਰੀ ਤਰ੍ਹਾਂ ਪਤਾ ਲਗਾਉਣਾ ਹੋਵੇਗਾ ਕਿ ਇਹ ਵੈਕਸੀਨ ਪ੍ਰਭਾਵਸ਼ਾਲੀ ਅਤੇ ਸੁਰੱਖਿਆ ਭਰਪੂਰ ਹੋਵੇ , ਕਿਉਂਕਿ ਵੈਕਸੀਨ ਤੋਂ ਕਿਸੇ ਵੀ ਤਰ੍ਹਾਂ ਦਾ ਮਾੜਾ ਪ੍ਰਭਾਵ ਨੁਕਸਾਨਦਾਇਕ ਹੋ ਸਕਦਾ ਹੈ , ਇਹ ਵੀ ਦੇਖਣਾ ਲਾਜ਼ਮੀ ਹੋਵੇਗਾ ਕਿ ਇਹ ਵੈਕਸੀਨ immunity ਵਧਾਉਣ ਦੇ ਸਮਰੱਥ ਹੋਵੇ , ਜੇਕਰ ਰੂਸ ਦੀ ਦਵਾਈ ‘ਚ ਅਜਿਹੀਆਂ ਕੁਆਲਿਟੀਜ਼ ਹੋਣਗੀਆਂ ਤਾਂ ਵਾਕੇਈ ਇਹ ਇੱਕ ਵੱਡਾ ਕਦਮ ਹੋਵੇਗਾ।

CSIR ਵੱਲੋਂ ਵੀ ਉੱਠੇ ਸਵਾਲ:-

ਦੱਸ ਦੇਈਏ ਕਿ ਭਾਰਤ ਦੇ CSIR ਦੇ ਇੱਕ ਵਿਗਿਆਨੀ ਵੱਲੋਂ ਵੀ ਰੂਸ ਦੀ ਵੈਕਸੀਨ ‘ਤੇ ਸਵਾਲ ਉਠਾਇਆ ਗਿਆ ਹੈ । CSIR ਦੇ ਉੱਚ ਅਧਿਕਾਰੀ ਮੁਤਾਬਕ ਰੂਸ ਦੀ ਵੈਕਸੀਨ ਨੂੰ ਤੀਜੇ ਤੇ ਅੰਤਿਮ ਪੜਾਅ ਤੋਂ ਪਹਿਲਾਂ ਹੀ ਰਜ਼ਿਸਟਰ ਕਰਵਾ ਲਿਆ ਗਿਆ ਹੈ , ਜੋ ਟੀਕੇ ਦੀ ਸੁਰੱਖਿਆ ਅਤੇ ਕੁਸ਼ਲਤਾ ਨੂੰ ਸ਼ੱਕ ਦੇ ਘੇਰੇ ‘ਚ ਲੈ ਕੇ ਆਉਂਦਾ ਹੈ ।ਉਹਨਾਂ ਮੁਤਾਬਿਕ ਵੈਕਸੀਨ ਨੂੰ ਲੈ ਕੇ ਕੋਈ ਵੀ ਅਜਿਹੇ ਅੰਕੜੇ ਸਾਹਮਣੇ ਨਹੀਂ ਆਏ , ਜਿਸ ਤੋਂ ਵੈਕਸੀਨ ਦੀ ਕੋਰੋਨਾ ਤੋਂ ਬਚਾਅ ਕਰਨ ਦੀ ਸਮਰੱਥਾ ਅਤੇ ਸੁਰੱਖਿਆ ਦਾ ਪਤਾ ਲਗਾਇਆ ਜਾ ਸਕਦਾ ਹੋਵੇ ।

ਗੱਲ ਕਰੀਏ ਤਾਂ ਕੋਰੋਨਾ ਵੈਕਸੀਨ ‘ਤੇ ਅਮਰੀਕਾ ਸਹਿਤ ਕਈ ਪੱਛਮੀ ਦੇਸ਼ਾਂ ਵੱਲੋਂ ਸਵਾਲ ਉਠਾਏ ਗਏ ਹਨ , ਜਦਕਿ ਰੂਸ ਦਾ ਦਾਅਵਾ ਹੈ ਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਕਾਰਗਰ ਹੈ। ਇੱਥੋਂ ਤੱਕ ਰੂਸ ਦੇ ਵੱਲੋਂ ਤਾਂ ਇਹ ਵੀ ਕਹੇ ਜਾਣ ਦੀ ਖ਼ਬਰ ਹੈ ਕਿ ਕਈ ਦੇਸ਼ਾਂ ਨੂੰ ਇਹ ਬਰਦਾਸ਼ਤ ਨਹੀਂ ਹੋਵੇਗਾ ਕਿ ਰੂਸ ਨੇ ਸਭ ਨੂੰ ਪਿੱਛੇ ਛੱਡ ਦਿੱਤਾ।

ਖ਼ੈਰ ਰੂਸੀ ਵੈਕਸੀਨ ਆਉਣ ਨਾਲ ਲੋਕਾਂ ‘ਚ ਉਮੀਦ ਦੀ ਕਿਰਨ ਦਾ ਚਾਨਣ ਹੋਰ ਲਿਸ਼ਕਵਾਂ ਹੋਇਆ ਹੈ , ਪਰ ਆਉਣ ਵਾਲੇ ਸਮੇਂ ‘ਚ ਇਹ ਕਿੰਨੀ ਕਾਰਗਰ ਅਤੇ ਲੋਕਾਂ ਦਾ ਕੋਰੋਨਾ ਤੋਂ ਬਚਾਅ ਕਰਨ ਵਾਲੀ ਹੋਵੇਗੀ ਇਹ ਤਾਂ ਆਗਾਮੀ ਵਕਤ ਹੀ ਦੱਸੇਗਾ।