ਪੰਜਾਬ

ਸਕੂਲ ਬੱਸ ਹੇਠਾਂ ਆਉਣ ਕਰ ਕੇ ਪੰਜ ਸਾਲਾ ਸਕੂਲੀ ਬੱਚੀ ਦੀ ਮੌਤ

By Jasmeet Singh -- August 03, 2022 10:11 am -- Updated:August 03, 2022 10:17 am

ਤਰਨਤਾਰਨ, 3 ਅਗਸਤ: ਪੱਟੀ ਨੇੜਲੇ ਸੈਕਰਟ ਹਾਰਟ ਕਾਨਵੈਂਟ ਸਕੂਲ ਦੀ ਨਰਸਰੀ ਕਲਾਸ ਦੀ ਵਿਦਿਆਰਥਣ ਸ਼ੁੱਭਲੀਨ ਕੌਰ ਜਿਸ ਦੀ ਉਮਰ ਮਹਿਜ਼ ਪੰਜ ਸਾਲ ਸੀ ਦੀ ਮੌਤ ਹੋ ਗਈ ਹੈ। ਸ਼ੁੱਭਲੀਨ ਪੁੱਤਰੀ ਰਾਜਵਿੰਦਰ ਸਿੰਘ ਵਾਸੀ ਵਾਰਡ ਨੰਬਰ 16 ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਬੱਚੀ ਪੱਟੀ ਹਲਕੇ ਦੇ ਨਾਮਵਰ ਖਾਰੇਵਾਲਾ ਪਰਵਾਰ ਨਾਲ ਸਬੰਧਤ ਹੈ।

ਜਾਣਕਾਰੀ ਅਨੁਸਾਰ ਸ਼ੁੱਭਲੀਨ ਕੌਰ ਤੇ ਉਸ ਦੀ 7 ਸਾਲਾ ਵੱਡੀ ਭੈਣ ਸੁਖਦੀਪ ਕੌਰ ਸੈਕਰਟ ਹਾਰਟ ਕਾਨਵੈਂਟ ਸਕੂਲ ਠੱਕਰ ਪੁਰਾ ਅੰਦਰ ਰੋਜ਼ਾਨਾ ਦੀ ਤਰਾਂ ਸਕੂਲ ਦੀ ਬੱਸ 'ਤੇ ਪੜ੍ਹਨ ਗਈਆਂ ਸਨ। ਪਰ ਜਦੋਂ ਕਲ ਦੁਪਹਿਰ ਸਕੂਲ ਬੱਸ ਸ਼ੁੱਭਲੀਨ ਤੇ ਸੁਖਦੀਪ ਨੂੰ ਉਨ੍ਹਾਂ ਦੇ ਘਰੇ ਛੱਡਣ ਆਈ ਤਾਂ ਗੱਡੀ ਵਿੱਚੋਂ ਉੱਤਰਨ ਸਮੇਂ ਸ਼ੁੱਭਲੀਨ ਸਕੂਲ ਬੱਸ ਦੇ ਟਾਇਰ ਹੇਠਾਂ ਆਉਣ ਕਰ ਕੇ ਗੰਭੀਰ ਜ਼ਖ਼ਮੀ ਹੋ ਗਈ।

ਉਸ ਨੂੰ ਇਲਾਜ ਲਈ ਤੁਰੰਤ ਪੱਟੀ ਸ਼ਹਿਰ ਦੇ ਸੰਧੂ ਹਸਪਤਾਲ ਲਿਜਾਇਆ ਗਿਆ ਪਰ ਹਾਲਤ ਨਾਜ਼ੁਕ ਹੋਣ ਕਰ ਕੇ ਉਸ ਨੂੰ ਅੰਮ੍ਰਤਿਸਰ ਦੇ ਇੱਕ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ।

ਪਰਵਾਰ ਵਾਲਿਆਂ ਨੇ ਬੱਸ ਡਰਾਈਵਰ 'ਤੇ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਕਿ ਬੱਸ ਵਾਲੇ ਦੀ ਅਣਗਹਿਲੀ ਕਰ ਕੇ ਉਨ੍ਹਾਂ ਦੀ ਧੀ ਦੀ ਜਾਨ ਗਈ ਹੈ। ਪਰਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਵਾਪਸ ਆਉਣ 'ਤੇ ਪਹਿਲਾਂ ਵੱਡੀ ਭੈਣ ਸੁਖਦੀਪ ਬੱਸ 'ਚੋਂ ਬਾਹਰ ਉੱਤਰੀ ਅਤੇ ਜਦੋਂ ਸ਼ੁੱਭਲੀਨ ਉੱਤਰਨ ਲੱਗੀ ਤਾਂ ਬੱਸ ਡਰਾਈਵਰ ਨੇ ਬੱਸ ਚਲਾ ਦਿੱਤੀ ਤੇ ਸ਼ੁੱਭਲੀਨ ਲੜਖੜਾ ਕੇ ਸੜਕ 'ਤੇ ਡਿੱਗੀ ਗਈ ਤੇ ਬੱਸ ਉਹ ਦੇ ਉੱਤੋਂ ਦੀ ਲੰਘ ਗਈ।


-PTC News

  • Share