ਇਸ ਸੂਬੇ 'ਚ ਰੈਸਟੋਰੈਂਟ ਅਤੇ ਹੋਟਲਾਂ ’ਚ ਵੀ ਲੱਗੇਗੀ ‘ਕੋਰੋਨਾ ਵੈਕਸੀਨ’

By Baljit Singh - June 13, 2021 2:06 pm

ਹਰਿਆਣਾ— ਹਰਿਆਣਾ ’ਚ ਕੋਰੋਨਾ ਟੀਕਾਕਰਨ ਦੀ ਰਫ਼ਤਾਰ ਵਧਾਉਣ ਲਈ ਜਲਦੀ ਹੀ ਰੈਸਟੋਰੈਂਟ ਅਤੇ ਹੋਟਲਾਂ ’ਚ ਵੀ ਲੋਕਾਂ ਨੂੰ ਵੈਕਸੀਨ ਲਾਈ ਜਾਵੇਗੀ। ਇਸ ਤੋਂ ਇਲਾਵਾ ਦਿਵਯਾਂਗਾਂ ਨੂੰ ਟੀਕਾਕਰਨ ਕੇਂਦਰ ਤੱਕ ਆਉਣ-ਜਾਣ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਸਾਰੇ ਆਸ਼ਾ ਵਰਕਰ ਅਤੇ ਸਬੰਧਤ ਕਾਮੇ ਉਨ੍ਹਾਂ ਲੋਕਾਂ ਨੂੰ ਕੋਰੋਨਾ ਦੀ ਦੂਜੀ ਖ਼ੁਰਾਕ ਲੈਣ ਲਈ ਵੀ ਪ੍ਰੇਰਿਤ ਕਰਨਗੇ, ਜਿਨ੍ਹਾਂ ਨੇ ਪਹਿਲੀ ਖ਼ੁਰਾਕ ਲੈ ਲਈ ਹੈ।

ਪ੍ਰਦੇਸ਼ ਵਿਚ 82 ਫ਼ੀਸਦੀ ਸਿਹਤ ਦੇਖਭਾਲ ਕਾਮੇ ਅਤੇ ਫਰੰਟ ਲਾਈਨ ਵਰਕਰਾਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਲਾਈ ਜਾ ਚੁੱਕੀ ਹੈ। ਦੱਸ ਦੇਈਏ ਕਿ ਹਰਿਆਣਾ ਵਿਚ ਸ਼ਨੀਵਾਰ ਨੂੰ ਕੋਰੋਨਾ ਦੇ 426 ਨਵੇਂ ਕੇਸ ਸਾਹਮਣੇ ਆਏ, ਜਦਕਿ 45 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 944 ਲੋਕਾਂ ਨੇ ਕੋਰੋਨਾ ਵਾਇਰਸ ਨੂੰ ਹਰਾਇਆ। ਸੂਬੇ ਵਿਚ ਰਿਕਵਰੀ ਦਰ 98.15 ਫ਼ੀਸਦੀ ਪਹੁੰਚ ਗਈ ਹੈ, ਜੋ ਕਿ ਰਾਹਤ ਦੀ ਗੱਲ ਹੈ।

ਅਜੇ ਵੀ ਸੂਬੇ ਵਿਚ ਕੋਰੋਨਾ ਦੇ 5186 ਕੇਸ ਸਰਗਰਮ ਹਨ। ਸਿਹਤ ਮਹਿਕਮੇ ਵਲੋਂ ਜਾਰੀ ਹੈਲਥ ਬੁਲੇਟਿਨ ਮੁਤਾਬਕ ਪ੍ਰਦੇਸ਼ ’ਚ ਹੁਣ ਤੱਕ ਕੁੱਲ 7,65,522 ਲੋਕ ਕੋਰੋਨਾ ਪੀੜਤ ਹੋਏ ਹਨ, ਜਿਨ੍ਹਾਂ ’ਚੋਂ 7,51,387 ਲੋਕ ਠੀਕ ਹੋ ਚੁੱਕੇ ਹਨ, ਜਦਕਿ 8,949 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।

-PTC News

adv-img
adv-img