ਹੋਰ ਖਬਰਾਂ

ਹਿੰਦੂ-ਮੁਸਲਿਮ ਪ੍ਰੇਮ ਵਿਆਹ ਬਣਿਆ ਜਾਨ ਦਾ ਦੁਸ਼ਮਣ

By Shanker Badra -- October 06, 2020 3:40 pm

ਹਿੰਦੂ-ਮੁਸਲਿਮ ਪ੍ਰੇਮ ਵਿਆਹ ਬਣਿਆ ਜਾਨ ਦਾ ਦੁਸ਼ਮਣ:ਲੁਧਿਆਣਾ : ਇੱਕ ਮੁਸਲਿਮ ਲੜਕੀ ਨਾਲ ਪ੍ਰੇਮ ਵਿਆਹ ਕਰਵਾਉਣ ਵਾਲਾ ਪਤੀ ਆਪਣੀ ਪਤਨੀ ਦੇ ਮਾਪਿਆਂ 'ਤੇ ਉਨ੍ਹਾਂ ਦੀ ਹੀ ਧੀ ਨੂੰ ਪ੍ਰੇਮ ਵਿਆਹ ਕਰਵਾਉਣ ਤੋਂ ਗੁੱਸੇ ਵਿੱਚ ਆਉਣ 'ਤੇ ਅਗਵਾ ਕਰਨ ਦਾ ਦੋਸ਼ ਲਗਾ ਰਿਹਾ ਹੈ। ਪੀੜਤ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੂੰ ਅਗਵਾ ਤੋਂ ਪਹਿਲਾਂ ਉਸ ਨੂੰ ਖੁਦ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਗਿਆ, ਤੇ ਉਸ ਦਾ ਮੋਬਾਇਲ ਅਤੇ ਨਕਦੀ ਵੀ ਖੋਹ ਲਈ ਗਈ। ਪਤੀ ਨੇ ਦੋਸ਼ ਲਗਾਇਆ ਹੈ ਕਿ ਉਸ ਦਾ ਸਹੁਰਾ ਪਰਿਵਾਰ ਉਨ੍ਹਾਂ ਦੇ ਪ੍ਰੇਮ ਵਿਆਹ ਦੇ ਖ਼ਿਲਾਫ਼ ਸੀ, ਜਿਸ ਨੇ ਬਦਲੇ ਦੀ ਭਾਵਨਾ ਨਾਲ ਇਸ ਕਾਂਡ ਨੂੰ ਯੋਜਨਾਬੱਧ ਢੰਗ ਨਾਲ ਅੰਜਾਮ ਦਿੱਤਾ ਹੈ।

ਹਿੰਦੂ-ਮੁਸਲਿਮ ਪ੍ਰੇਮ ਵਿਆਹ ਬਣਿਆ ਜਾਨ ਦਾ ਦੁਸ਼ਮਣ

ਪੀੜਤ ਪਤੀ ਹੈ ਜਿੰਮ ਮਾਲਕ

ਪੀੜਤ ਪਤੀ ਚੰਦਰਲੋਕ ਕਲੋਨੀ ਦਾ ਰਹਿਣ ਵਾਲਾ 32 ਸਾਲਾ ਪੀੜਤ ਪਵਨ ਕੁਮਾਰ ਹੈ ਜੋ ਇੱਕ ਜਿੰਮ ਚਲਾਉਂਦਾ ਹੈ ਜਿਸ ਨੂੰ ਮਾਇਆਪੁਰੀ ਦੇ ਨਿਊ ਪੰਜਾਬੀ ਬਾਗ ਦੀ ਰਹਿਣ ਵਾਲੀ ਸੋਫੀਆ ਉਰਫ਼ ਸੋਨੀਆ ਨਾਲ ਪਿਆਰ ਹੋ ਗਿਆ, ਜੋ ਕਿ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਹਾਰਨਪੁਰ ਦੀ ਰਹਿਣ ਵਾਲੀ ਹੈ।

ਹਿੰਦੂ-ਮੁਸਲਿਮ ਪ੍ਰੇਮ ਵਿਆਹ ਬਣਿਆ ਜਾਨ ਦਾ ਦੁਸ਼ਮਣ

ਲੜਕਾ ਹਿੰਦੂ ਤੇ ਲੜਕੀ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ

ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਵੱਖ-ਵੱਖ ਜ਼ਾਤਾਂ-ਬਿਰਾਦਰੀਆਂ ਤੋਂ ਹੋਣ ਕਾਰਨ ਸੋਫੀਆ ਦੇ ਮਾਤਾ-ਪਿਤਾ ਇਸ ਵਿਆਹ ਦੇ ਖ਼ਿਲਾਫ਼ ਸਨ। ਸੋਫੀਆ ਮੁਹੰਮਦਨ ਭਾਈਚਾਰੇ ਨਾਲ ਸਬੰਧਿਤ ਸੀ, ਜਦੋਂ ਕਿ ਪਵਨ ਹਿੰਦੂ ਹੈ। ਇਸ ਸਭ ਦੇ ਬਾਵਜੂਦ ਇਸ ਦੇ ਸੋਫੀਆ ਨੇ ਆਪਣੇ ਪਰਿਵਾਰ ਵਾਲਿਆਂ ਖ਼ਿਲਾਫ਼ ਜਾ ਕੇ ਪਵਨ ਨਾਲ ਤਾਜਪੁਰ ਰੋਡ ਦੇ ਗੁਰਦੁਆਰਾ ਸਾਹਿਬ 'ਚ ਸਿੱਖ ਰੀਤਾਂ ਮੁਤਾਬਕ ਪਵਨ ਨਾਲ ਵਿਆਹ ਕਰ ਲਿਆ ਅਤੇ ਸੁਰੱਖਿਆ ਲਈ ਅਦਾਲਤ 'ਚ ਪਟੀਸ਼ਨ ਦਾਇਰ ਕਰ ਦਿੱਤੀ, ਜੋ ਕਿ ਸੋਫੀਆ ਦੇ ਪਰਿਵਾਰ ਵਾਲਿਆਂ ਵੱਲੋਂ ਉਨ੍ਹਾਂ ਦੇ ਵਿਆਹ 'ਤੇ ਸਹਿਮਤੀ ਜਤਾਉਣ 'ਤੇ ਬੰਦ ਕਰਵਾ ਦਿੱਤੀ ਗਈ।

ਹਿੰਦੂ-ਮੁਸਲਿਮ ਪ੍ਰੇਮ ਵਿਆਹ ਬਣਿਆ ਜਾਨ ਦਾ ਦੁਸ਼ਮਣ

ਬਦਲੇ ਲਈ ਰਚੀ ਵੱਡੀ ਸਾਜ਼ਿਸ਼

ਪਵਨ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਸੋਫੀਆ ਦੇ ਮਾਤਾ-ਪਿਤਾ 'ਚ ਇੱਕਦਮ ਬਦਲਿਆ ਵਰਤਾਅ ਦੇਖ ਕੇ ਉਹ ਕਾਫੀ ਹੱਦ ਤੱਕ ਆਸਵੰਦ ਹੋ ਗਿਆ ਕਿ ਹੁਣ ਸਭ ਕੁਝ ਠੀਕ ਹੋ ਗਿਆ ਹੈ ਅਤੇ ਸੋਫੀਆ ਦੇ ਮਾਤਾ-ਪਿਤਾ ਨੇ ਦੋਵਾਂ ਨੂੰ ਕਬੂਲ ਲਿਆ ਹੈ ਪਰ ਉਸ ਦੀ ਇਹ ਸੋਚ ਬਾਅਦ 'ਚ ਗਲਤ ਸਾਬਿਤ ਹੋਈ। ਉਸ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਇਸ ਸਭ ਦੇ ਪਿੱਛੇ ਦੋਵਾਂ ਨੂੰ ਵੱਖਰਾ ਕਰਨ ਦੀ ਮੁਲਜ਼ਮਾਂ ਵੱਲੋਂ ਇਕ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ।

ਸਾਜ਼ਿਸ਼ ਤਹਿਤ ਦਿੱਤਾ ਸੱਦਾ

ਪਵਨ ਦੇ ਦੱਸਣ ਮੁਤਾਬਿਕ ਲੰਘੀ 26 ਸਤੰਬਰ ਨੂੰ ਉਸ ਦੀ ਸੱਸ ਉਸ ਦੇ ਘਰ ਆ ਕੇ ਸ਼ਗਨ ਦੇ ਕੇ ਗਈ ਅਤੇ ਨਾਲ ਹੀ ਰਾਤ ਦੀ ਰੋਟੀ ਦਾ ਸੱਦਾ ਦੇ ਕੇ ਗਈ। 2 ਦਿਨ ਬਾਅਦ ਉਹ ਅਤੇ ਸੋਫੀਆ ਖੁਸ਼ੀ-ਖੁਸ਼ੀ ਸੋਫੀਆ ਦੇ ਪੇਕੇ ਗਏ। ਉੱਥੇ ਸੋਫੀਆ ਦੇ ਮਾਤਾ-ਪਿਤਾ ਅਤੇ ਚਾਚੇ ਤੋਂ ਇਲਾਵਾ 3 ਵਿਅਕਤੀ ਹੋਰ ਸਨ।

ਪਹਿਲਾਂ ਤੋਂ ਕੀਤੀ ਸੀ ਕੁੱਟਮਾਰ ਦੀ ਤਿਆਰੀ

ਸੱਸ ਨੇ ਉਸ ਨੂੰ ਕੋਲਡ ਡਰਿੰਕ ਦਿੱਤੀ। ਉਸ ਨੇ ਕੁਝ ਘੁੱਟ ਹੀ ਪੀਤੇ ਸਨ ਕਿ ਅਚਾਨਕ ਉਸ ਦਾ ਸਹੁਰਾ ਮੁਹੰਮਦ ਰਿਹਾਨ ਇਹ ਕਹਿ ਕੇ ਲਲਕਾਰਦਾ ਹੋਇਆ ਉਸ 'ਤੇ ਟੁੱਟ ਪਿਆ ਕਿ ਇਸ ਨੇ ਉਨ੍ਹਾਂ ਦੀ ਧੀ ਨੂੰ ਘਰੋਂ ਭਜਾ ਕੇ ਵਿਆਹ ਕੀਤਾ ਹੈ, ਅੱਜ ਇਸ ਨੂੰ ਮਜ਼ਾ ਚਖਾ ਦਿਓ। ਉੱਧਰੋਂ ਸੱਸ ਚੀਕਦੀ ਰਹੀ ਕਿ ਅੱਜ ਜਿਊਂਦਾ ਨਹੀਂ ਛੱਡਣਾ। ਫਿਰ ਸੋਫੀਆ ਦੇ ਚਾਚੇ ਨੇ ਪਿੱਛੋਂ ਲੋਹੇ ਦੀ ਰਾਡ ਨਾਲ ਉਸ ਦੇ ਸਿਰ 'ਤੇ ਵਾਰ ਕਰ ਦਿੱਤਾ ਅਤੇ ਸੱਸ ਸਮੇਤ ਉਥੇ ਮੌਜੂਦ ਹੋਰਨਾਂ ਮੁਲਜ਼ਮਾਂ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਸੋਫੀਆ ਬਚਾਅ ਲਈ ਆਈ ਤਾਂ ਮੁਲਜ਼ਮਾਂ ਨੇ ਉਸ ਦੀ ਬਾਂਹ ਮਰੋੜ ਦਿੱਤੀ ਅਤੇ ਉਸ ਦੇ ਮੂੰਹ 'ਤੇ ਰੁਮਾਲ ਰੱਖ ਕੇ ਧੱਕਦੇ ਹੋਏ ਹੇਠਾਂ ਲੈ ਗਏ।

ਸਿਰ 'ਤੇ ਸੱਟ ਲੱਗਣ ਕਾਰਨ ਹੋਇਆ ਬੇਹੋਸ਼

ਪਵਨ ਨੇ ਦੱਸਿਆ ਕਿ ਸਿਰ 'ਚ ਸੱਟ ਲੱਗਣ ਕਾਰਨ ਉਸ ਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ ਸੀ ਅਤੇ ਉਹ ਕੁਝ ਪਲ ਲਈ ਬੇਹੋਸ਼ ਹੋ ਗਿਆ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਪਾਇਆ ਕਿ ਉਸ ਦਾ ਮੋਬਾਇਲ, ਜੇਬ 'ਚ ਪਈ ਨਕਦੀ 12000 ਰੁਪਏ ਅਤੇ ਹੋਰ ਸਮਾਨ ਗਾਇਬ ਹੈ। ਉਹ ਕਿਸੇ ਤਰ੍ਹਾਂ ਪੌੜੀਆਂ ਉੱਤਰ ਕੇ ਥੱਲੇ ਆਇਆ ਤਾਂ ਮੁਲਜ਼ਮ ਉਸ ਦੀ ਪਤਨੀ ਨੂੰ ਸਫੇਦ ਰੰਗ ਦੀ ਸਵਿੱਫਟ ਕਾਰ 'ਚ ਜ਼ਬਰਦਸਤੀ ਪਾ ਕੇ ਲੈ ਗਏ।

ਮਦਦ ਲਈ ਦੋਸਤ ਬੁਲਾਇਆ

ਪਵਨ ਨੇ ਦੱਸਿਆ ਕਿ ਉਸ ਨੇ ਮਦਦ ਲਈ ਆਪਣੇ ਦੋਸਤ ਹਰਪ੍ਰੀਤ ਸਹਾਰਨ ਨੂੰ ਘਰ ਬੁਲਾਇਆ, ਉਦੋਂ ਤੱਕ ਉੱਥੇ ਕਾਫੀ ਲੋਕ ਆ ਚੁੱਕੇ ਸਨ। ਹਰਪ੍ਰੀਤ ਨੇ ਉਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ।

ਪੁਲਿਸ ਡਿਊਟੀ ਕਰਨ ਤੋਂ ਵੱਟਦੀ ਰਹੀ ਪਾਸਾ

ਪੀੜਤ ਨੇ ਦੱਸਿਆ ਕਿ ਉਹ ਘਟਨਾ ਵਾਲੀ ਰਾਤ ਨੂੰ ਹੀ ਪੁਲਿਸ ਕੋਲ ਆਪਣੀ ਸ਼ਿਕਾਇਤ ਲੈ ਕੇ ਪਹੁੰਚਿਆ ਸੀ, ਪਰ ਪੁਲਿਸ ਕਾਰਵਾਈ ਦੇ ਨਾਂ 'ਤੇ ਟਾਲ-ਮਟੋਲ ਕਰਦੀ ਰਹੀ। ਪੁਲਿਸ ਕਹਿੰਦੀ ਰਹੀ ਕਿ ਇਹ ਉਸ ਦਾ ਘਰੇਲੂ ਮਾਮਲਾ ਹੈ, ਸੋ ਕਾਰਵਾਈ ਨਹੀਂ ਬਣਦੀ। ਜੇਕਰ ਕਾਰਵਾਈ ਹੋਈ ਵੀ ਤਾਂ ਹਲਕੀਆਂ ਧਾਰਾਵਾਂ ਤਹਿਤ ਹੋਵੇਗੀ।

ਪਤਵੰਤਿਆਂ ਨੇ ਦਿੱਤਾ ਦਖਲ
ਪੁਲਸ ਦੇ ਇਸ ਟਾਲ-ਮਟੋਲ ਭਰੇ ਰਵੱਈਏ ਨੂੰ ਦੇਖਦੇ ਹੋਏ ਪਵਨ ਨੇ ਇਲਾਦੇ ਕੌਂਸਲਰ ਅਤੇ ਹੋਰਨਾਂ ਮੋਹਤਬਰ ਬੰਦਿਆਂ ਕੋਲ ਪਹੁੰਚ ਕੀਤੀ। ਉਨ੍ਹਾਂ ਦੇ ਦਖ਼ਲ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਪੁਲਿਸ ਉਸ ਦੀ ਸੁਣਵਾਈ ਕਰਨ 'ਤੇ ਰਾਜ਼ੀ ਹੋਈ।

ਪਤਨੀ ਦੇ ਕਤਲ ਦਾ ਜਤਾਇਆ ਡਰ

ਪਵਨ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੂੰ ਅਗਵਾ ਹੋਏ 7 ਦਿਨ ਹੋ ਚੁੱਕੇ ਹਨ ਪਰ ਅਜੇ ਤੱਕ ਪੁਲਿਸ ਉਸ ਦਾ ਕੋਈ ਸੁਰਾਗ ਨਹੀਂ ਲੱਭ ਸਕੀ। ਪਵਨ ਨੇ ਸ਼ੱਕ ਜਤਾਇਆ ਕਿ ਕਿਤੇ ਉਸ ਦੀ ਪਤਨੀ ਦਾ ਕਤਲ ਨਾ ਕਰ ਦਿੱਤਾ ਜਾਵੇ। ਉਸ ਨੇ ਉੱਚ ਅਧਿਕਾਰੀਆਂ ਤੋਂ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
-PTCNews

  • Share