ਅਨਮੋਲ ਚੱਢਾ 'ਤੇ ਫਾਈਰਿੰਗ ਦੇ ਮਾਮਲੇ 'ਚ ਪੁਲਿਸ ਦੇ ਹੱਥ ਲੱਗਾ ਅਹਿਮ ਸੁਰਾਗ
ਅੰਮ੍ਰਿਤਸਰ : ਬੀਤੇ ਦਿਨ ਅੰਮ੍ਰਿਤਸਰ 'ਚ ਹੋਟਲ 'ਕਲਾਰਕ ਇਨ' ਦੇ ਮਾਲਕ ਅਨਮੋਲ ਚੱਢਾ ਉਤੇ ਗੋਲੀ ਚਲਾਉਣ ਦੇ ਮਾਮਲੇ ਵਿੱਚ ਪੁਲਿਸ ਦੇ ਹੱਥ ਵਿੱਚ ਅਹਿਮ ਸੁਰਾਗ ਲੱਗਾ ਹੈ। ਅਨਮੋਲ ਚੱਢਾ ਉਤੇ ਗੋਲੀ ਚਲਾਉਣ ਵਾਲੇ ਨੌਜਵਾਨਾਂ ਦਾ ਫ਼ੋਨ ਮੌਕੇ ਉਤੇ ਡਿੱਗ ਗਿਆ, ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਨੇ ਜਦੋਂ ਫੋਨ ਦੀ ਕਾਲ ਡਿਟੇਲ ਕਢਵਾਈ ਤਾਂ ਪੁਲਿਸ ਨੂੰ ਉਸ ਵਿੱਚੋਂ ਹਰਜੀਤ ਚੱਢਾ ਦਾ ਨੰਬਰ ਤੇ ਮੈਸੇਜ ਮਿਲਿਆ ਹੈ। ਪੁਲਿਸ ਨੇ ਹਰਜੀਤ ਚੱਢਾ ਨੂੰ ਤਲਬ ਕੀਤਾ ਹੈ। ਗੋਲ਼ੀਆਂ ਚਲਾਉਣ ਵਾਲੇ ਹਮਲਾਵਰ ਹਰਜੀਤ ਚੱਢੇ ਦੇ ਸੰਪਰਕ ਵਿੱਚ ਸਨ। ਹਰਜੀਤ ਚੱਢਾ ਅਨਮੋਲ ਚੱਢਾ ਦੇ ਚਾਚਾ ਹਨ। ਹਰਜੀਤ ਚੱਢਾ ਫ਼ਰਾਰ ਚੱਲ ਰਿਹਾ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਅਨਮੋਲ ਚੱਢਾ ਦੇ ਪਿਤਾ ਇੰਦਰਜੀਤ ਚੱਢਾ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਹਰਜੀਤ ਚੱਢਾ ਦਾ ਨਾਂ ਸਾਹਮਣੇ ਆਇਆ ਸੀ। ਜ਼ਿਕਰਯੋਗ ਹੈ ਕਿ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਮਰਹੂਮ ਚਰਨਜੀਤ ਸਿੰਘ ਚੱਢਾ ਦੇ ਪੋਤਰੇ ਪੀੜਤ ਅਨਮੋਲ ਚੱਢਾ ਨੂੰ ਆਪਣੇ ਚਾਚਾ ਹਰਜੀਤ ਚੱਢਾ 'ਤੇ ਸ਼ੱਕ ਹੈ। ਹਰਜੀਤ ਚੱਢਾ ਪਿਛਲੇ ਦਿਨੀਂ ਅਨਮੋਲ ਨੂੰ ਧਮਕੀਆਂ ਦੇਣ ਲਈ ਤੇਜ਼ਧਾਰ ਹਥਿਆਰਾਂ ਅਤੇ ਸਾਥੀਆਂ ਨਾਲ ਹੋਟਲ ਪਹੁੰਚਿਆ ਸੀ। ਇਸ ਸਬੰਧੀ ਅਣਮੋਲ ਚੱਢਾ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾ ਚੁੱਕਾ ਸੀ। ਇੰਦਰਜੀਤ ਖ਼ੁਦਕੁਸ਼ੀ ਮਾਮਲੇ 'ਚ ਹਰਜੀਤ ਚੱਢਾ ਜੇਲ੍ਹ ਜਾ ਚੁੱਕਾ ਹੈ। ਪਰਿਵਾਰ ਦਾ ਸ਼ੱਕ ਹੈ ਕਿ ਰੰਜਿਸ਼ ਕਾਰਨ ਹਮਲਾ ਕੀਤਾ ਗਿਆ ਹੈ। ਅਣਮੋਲ ਚੱਢਾ ਦੇ ਪਿਤਾ ਇੰਦਰਜੀਤ ਚੱਢਾ ਨੇ ਖ਼ੁਦਕੁਸ਼ੀ ਨੋਟ ਵਿੱਚ ਹਰਜੀਤ ਚੱਢਾ ਨਾਮ ਵੀ ਲਿਖਿਆ ਸੀ, ਜਿਸ ਕਾਰਨ ਉਹ ਰੰਜ਼ਿਸ਼ ਰੱਖ ਰਿਹਾ ਸੀ। ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਬਾਅਦ ਦੁਪਹਿਰ ਤਿੰਨ ਵਜੇ ਰਣਜੀਤ ਐਵੀਨਿਊ ਵਿੱਚ ਸਟਾਰ ਬਕਸ ਕੌਫੀ ਸ਼ਾਪ ਦੇ ਬਾਹਰ ਐਕਟਿਵਾ ਸਵਾਰ ਨੌਜਵਾਨਾਂ ਨੇ ਹੋਟਲ ਕਾਰੋਬਾਰੀ ਹਰਪ੍ਰੀਤ ਸਿੰਘ ਅਨਮੋਲ ਚੱਢਾ ਉਤੇ ਜਾਨਲੇਵਾ ਹਮਲਾ ਕਰਦੇ ਹੋਏ ਗੋਲ਼ੀਆਂ ਚਲਾ ਦਿੱਤੀਆਂ ਸਨ। ਅਨਮੋਲ ਚੱਢਾ ਤੇ ਉਨ੍ਹਾਂ ਦੇ ਡਰਾਈਵਰ ਬਲਬੀਰ ਸਿੰਘ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ, ਏਡੀਸੀਪੀ ਪ੍ਰਭਜੋਤ ਸਿੰਘ, ਏਸੀਪੀ ਪਲਵਿੰਦਰ ਸਿੰਘ ਤੁਰੰਤ ਘਟਨਾ ਵਾਲੀ ਥਾਂ ਉਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਹ ਵੀ ਪੜ੍ਹੋ : ਜਹਾਂਗੀਰਪੁਰੀ 'ਚ ਮੁੜ ਤਣਾਅ, ਦਿੱਲੀ ਪੁਲਿਸ ਨੇ 23 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ