ਮੁੱਖ ਖਬਰਾਂ

15 ਅਗਸਤ ਨੂੰ ਖੋਲ੍ਹੇ ਜਾਣ ਵਾਲੇ ਆਮ ਆਦਮੀ ਕਲੀਨਿਕਾਂ ਦੀ ਗਿਣਤੀ 'ਚ ਵਾਧਾ

By Jasmeet Singh -- July 30, 2022 12:08 pm -- Updated:July 30, 2022 12:08 pm

ਚੰਡੀਗੜ੍ਹ, 30 ਜੁਲਾਈ: ਹੁਣ 65 ਆਮ ਆਦਮੀ ਕਲੀਨਿਕ ਸ਼ਹਿਰੀ ਇਲਾਕਿਆਂ ਵਿੱਚ ਅਤੇ 35 ਆਮ ਆਦਮੀ ਕਲੀਨਿਕ ਦਿਹਾਤੀ ਖੇਤਰਾਂ ਚ ਖੋਲ੍ਹੇ ਜਾਣਗੇ। ਪਹਿਲਾਂ ਇਨ੍ਹਾਂ ਦੀ ਤਾਦਾਦ 75 ਰੱਖੀ ਗਈ ਸੀ ਪਰ ਹਾਸਿਲ ਜਾਣਕਾਰੀ ਮੁਤਾਬਕ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਨੇ ਇਨ੍ਹਾਂ ਦੀ ਲੋੜ ਨੂੰ ਵੇਖਦਿਆਂ 25 ਹੋਰ ਆਮ ਆਦਮੀ ਕਲੀਨਿਕ ਖੋਲਣ ਦਾ ਫੈਸਲਾ ਲਿਆ ਹੈ। ਸਿਹਤ ਮਹਿਕਮੇ ਨੇ ਸਬੰਧਤ ਅਧਿਕਾਰੀਆਂ ਨੂੰ ਸਮਾਂ ਰਹਿੰਦਿਆਂ ਸਾਰੇ ਪ੍ਰਬੰਧ ਪੁਖਤਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਖਾਸ ਗੱਲ ਇਹ ਕਿ ਸੇਵਾ ਕੇਂਦਰਾਂ ਵਿਚ ਆਮ ਆਦਮੀ ਕਲੀਨਿਕ ਖੋਲ੍ਹੇ ਜਾਣ ਦੀ ਚਹੁੰ ਪਾਸਿਓਂ ਹੋ ਰਹੀ ਨਿਖੇਧੀ ਤੋਂ ਬਾਅਦ ਪੰਜਾਬ ਸਰਕਾਰ ਹੁਣ ਦਿਹਾਤੀ ਖੇਤਰਾਂ 'ਚ ਪਹਿਲਾਂ ਤੋਂ ਚੱਲ ਰਹੇ ਹੈਲਥ ਐਂਡ ਵੈਲਨੈੱਸ ਸੈਂਟਰਾਂ ਵਿਚ ਇਨ੍ਹਾਂ ਕਲੀਨਿਕਾਂ ਨੂੰ ਖੋਲਣ ਜਾ ਰਹੀ ਹੈ।

ਕਾਬਲੇ-ਗੌਰ ਹੈ ਕਿ ਸੇਵਾ ਕੇਂਦਰਾਂ ਦੇ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਜਾਣ ਨੂੰ ਲੈ ਕੇ ਚਹੁੰ ਪਾਸਿਓਂ ਸਰਕਾਰ ਉੱਤੇ ਸਵਾਲ ਚੁੱਕੇ ਜਾ ਰਹੇ ਸਨ। ਖਾਸ ਤੌਰ 'ਤੇ ਇਨ੍ਹਾਂ ਸੇਵਾ ਕੇਂਦਰਾਂ ਦੇ ਨਵੀਨੀਕਰਨ ਉੱਤੇ ਖ਼ਰਚੇ ਜਾ ਰਹੇ ਲੱਖਾਂ ਰੁਪਏ ਦੇ ਬਜਟ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਮਾਨ ਸਰਕਾਰ ਨੂੰ ਘੇਰ ਰਹੀ ਹੈ। ਹੁਣ ਸਰਕਾਰ ਨੇ ਇਨ੍ਹਾਂ ਸੇਵਾ ਕੇਂਦਰਾਂ ਦੀ ਥਾਂ 'ਤੇ ਪਹਿਲਾਂ ਤੋਂ ਚੱਲ ਰਹੇ ਹੈਲਥ ਵੈਲਨੈੱਸ ਸੈਂਟਰਾਂ ਵਿਚ ਆਮ ਆਦਮੀ ਕਲੀਨਿਕ ਸ਼ੁਰੂ ਕਰਨ ਦੀ ਯੋਜਨਾ ਬਣਾ ਲਈ ਹੈ। ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਹੁਣ ਅਜਿਹੇ 35 ਕਲੀਨਿਕ ਦਿਹਾਤੀ ਖੇਤਰਾਂ 'ਚ ਬਣਾਏ ਜਾਣਗੇ।

ਆਮ ਆਦਮੀ ਕਲੀਨਿਕ 'ਚ 41 ਟੈਸਟ ਤੇ ਦਵਾਈਆਂ ਮਿਲਣਗੀਆਂ ਮੁਫ਼ਤ : ਜੌੜਾਮਾਜਰਾ41 ਟੈੱਸਟ ਤੇ ਦਵਾਈਆਂ ਮੁਫ਼ਤ

ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਦੱਸਿਆ ਕਿ ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ 41 ਤਰ੍ਹਾਂ ਦੇ ਟੈੱਸਟ ਕੀਤੇ ਜਾਣਗੇ ਅਤੇ ਇਸ ਦੇ ਨਾਲ ਹੀ ਹਰ ਤਰ੍ਹਾਂ ਦੀ ਦਵਾਈ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਸਿਹਤ ਸਹੂਲਤਾਂ ਵਿੱਚ ਸੁਧਾਰ ਅੱਗੇ ਵੀ ਜਾਰੀ ਰਹੇਗੀ। ਜੌੜਾਮਾਜਰਾ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਵਿੱਚ 4 ਲੋਕਾਂ ਦਾ ਸਟਾਫ ਅਤੇ ਮਾਹਿਰ ਡਾਕਟਰ ਵੀ ਮੌਜੂਦ ਰਹੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਕਈ ਵਾਰ ਲੋਕਾਂ ਨੂੰ ਇਲਾਜ ਲਈ ਬਹੁਤ ਦੂਰ ਜਾਣਾ ਪੈਂਦਾ ਹੈ। ਇਸ ਲਈ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਉਨ੍ਹਾਂ ਦੇ ਘਰ ਦੇ ਨਜ਼ਦੀਕ ਹੀ ਉਪਲਬੱਧ ਕਰਵਾਈਆਂ ਜਾਣ।

ਸਿਰਫ਼ ਪੇਂਟ ਤੇ ਨੇਮ ਪਲੇਟ 'ਤੇ ਖ਼ਰਚੇ 20 ਲੱਖ ਰੁਪਏ

ਪੰਜਾਬ ਸਰਕਾਰ ਵੱਲੋਂ ਦਿੱਲੀ ਦੀ ਤਰਜ਼ ਉੱਤੇ ਪੰਜਾਬ ਵਿੱਚ ਸ਼ੁਰੂ ਕੀਤੇ ਜਾ ਰਹੇ ਮੁਹੱਲਾ ਕਲੀਨਿਕ ਵਿਵਾਦਾਂ ਵਿੱਚ ਘਿਰ ਰਹੇ ਹਨ। ਆਰਟੀਆਈ ਕਾਰਕੁੰਨ ਵੱਲੋਂ ਪਾਈ ਗਈ ਆਰਟੀਆਈ ਤਹਿਤ ਕਾਫੀ ਹੈਰਾਨ ਕਰਨ ਵਾਲੇ ਖ਼ੁਲਾਸੇ ਹੋਏ ਹਨ। ਜਾਣਕਾਰੀ ਅਨੁਸਾਰ ਆਰਟੀਆਈ ਕਾਰਕੁੰਨ ਮਾਨਕ ਗੋਇਲ ਵੱਲੋਂ ਮਾਨ ਸਰਕਾਰ ਵੱਲੋਂ ਬਣਾਏ ਜਾ ਰਹੇ ਆਮ ਆਦਮੀ ਕਲੀਨਿਕ ਸਬੰਧੀ ਜਾਣਕਾਰੀ ਮੰਗੀ ਗਈ। ਜਾਣਕਾਰੀ ਮਿਲਣ ਉੱਤੇ ਇਸ ਸਬੰਧੀ ਕਾਫੀ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। ਇਸ ਤੋਂ ਸਪੱਸ਼ਟ ਹੋਇਆ ਕਿ ਪਹਿਲਾਂ ਤੋਂ ਤਿਆਰ ਇਮਾਰਤ ਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕਰਨ ਉੱਤੇ 20 ਲੱਖ ਰੁਪਏ ਖ਼ਰਚੇ ਗਏ ਹਨ।

ਮੁਹੱਲਾ ਕਲੀਨਿਕਾਂ ਦੇ ਨਾਂ 'ਤੇ 'ਆਪ' ਸਰਕਾਰ ਵੱਡਾ ਘੁਟਾਲਾ ਕਰ ਰਹੀ : ਸੁਖਬੀਰ ਸਿੰਘ ਬਾਦਲਮੁਹੱਲਾ ਕਲੀਨਿਕਾਂ ਦੇ ਨਾਂ 'ਤੇ 'ਆਪ' ਸਰਕਾਰ ਕਰ ਰਹੀ ਵੱਡਾ ਘੁਟਾਲਾ: ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਖ਼ਿਲਾਫ਼ ਨਿਸ਼ਾਨੇ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਸੇਵਾ ਕੇਂਦਰ ਲੋਕਾਂ ਦੀ ਸਹੂਲਤ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣਾਏ ਗਏ ਸੀ ਜੋ ਕਿ ਹੁਣ ਬਿਲਕੁਲ ਖੰਡਰ ਹੋ ਚੁੱਕੇ ਹਨ। ਇਸ ਦੀ ਜ਼ਿੰਮੇਵਾਰ ਪੰਜਾਬ ਦੀ ਪਿਛਲੀ ਕਾਂਗਰਸ ਤੇ ਮੌਜੂਦਾ ਆਮ ਆਦਮੀ ਪਾਰਟੀ ਹੈ। ਇਹ ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਅਥਾਹ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਇਨ੍ਹਾਂ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕਰਨ ਦੇ ਨਾਂ ਉੱਤੇ ਵੱਡਾ ਘੁਟਾਲਾ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਸਮੇਤ ਕਈ ਲੋਕ ਮੁੱਖ ਮੰਤਰੀ ਬਣੇ ਫਿਰਦੇ ਹਨ।


-PTC News

  • Share