ਆਈਪੀਐੱਲ 2020 – ਸਪਾਂਸਰਸ਼ਿਪ ਦੀ ਦੌੜ ‘ਚ ਲੱਗੀ ਪਤੰਜਲੀ

IPL 2020 Title sponsorship

ਨਵੀਂ ਦਿੱਲੀ – ਚੀਨੀ ਵਸਤਾਂ ਦੇ ਬਾਈਕਾਟ ਤੋਂ ਬਾਅਦ ਆਈਪੀਐੱਲ ਦੀ ਸਪਾਂਸਰਸ਼ਿਪ ਚਰਚਾ ਦਾ ਵਿਸ਼ਾ ਬਣਿਆ ਆ ਰਿਹਾ ਹੈ ਅਤੇ ਚੀਨੀ ਮੋਬਾਈਲ ਕੰਪਨੀ ਵੀਵੋ ਵੱਲੋਂ ਬਾਹਰ ਜਾਣ ਤੋਂ ਬਾਅਦ, ਹੁਣ ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਵੀ ਇਸ ਦੌੜ ਵਿੱਚ ਸ਼ਾਮਲ ਹੋ ਗਈ ਹੈ। ਕੰਪਨੀ ਵੱਲੋਂ ਅਧਿਕਾਰਤ ਤੌਰ ‘ਤੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।
IPL 2020 Title sponsorship
ਇਸ ਬਾਰੇ ਗੱਲ ਕਰਦੇ ਹੋਏ ਪਤੰਜਲੀ ਦੇ ਬੁਲਾਰੇ ਐਸ.ਕੇ. ਤਿਜਾਰਾਵਾਲਾ ਨੇ ਕਿਹਾ ਕਿ ‘ਅਸੀਂ ਇਸ ਸਾਲ ਆਈਪੀਐੱਲ ਦੀ ਟਾਈਟਲ ਸਪਾਂਸਰਸ਼ਿਪ ਬਾਰੇ ਸੋਚ ਰਹੇ ਹਾਂ, ਕਿਉਂਕਿ ਅਸੀਂ ਪਤੰਜਲੀ ਬ੍ਰਾਂਡ ਨੂੰ ਵਿਸ਼ਵ ਮੰਚ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਉਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਇਸ ਸੰਬੰਧੀ ਇੱਕ ਪ੍ਰਸਤਾਵ ਭੇਜਣ ਦੀ ਤਿਆਰੀ ਕਰ ਰਹੇ ਹਨ। ਚੀਨੀ ਮੋਬਾਈਲ ਫ਼ੋਨ ਕੰਪਨੀ ਵੀਵੋ ਟਾਈਟਲ ਸਪਾਂਸਰਸ਼ਿਪ ਲਈ ਹਰ ਸਾਲ ਬੀਸੀਸੀਆਈ ਨੂੰ 440 ਕਰੋੜ ਰੁਪਏ ਦਾ ਭੁਗਤਾਨ ਕਰਦੀ ਹੈ। ਹਾਲਾਂਕਿ ਬੋਰਡ ਨੇ ਵੀਵੋ ਦੇ ਅਗਲੇ ਸਾਲ ਵਾਪਸੀ ਦਾ ਰਸਤਾ ਹਾਲੇ ਵੀ ਖੁੱਲ੍ਹਾ ਰੱਖਿਆ ਹੋਇਆ ਹੈ।
IPL 2020 Title sponsorship
ਵੀਵੋ ਤੇ ਆਈਪੀਐੱਲ ਦਾ ਇਕਰਾਰ ਸਾਲ 2022 ਤੱਕ ਦਾ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਸਮੇਂ ਬਜ਼ਾਰ ‘ਚ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹਨ, ਸੋ ਇਸ ਕਰਕੇ ਬੋਰਡ ਵੀ ਸਮਝਦਾ ਹੈ ਕਿ ਇੱਕ ਸਾਲ ਲਈ ਕੋਈ ਨਵੀਂ ਕੰਪਨੀ ਸ਼ਾਇਦ ਹੀ ਵੀਵੋ ਜਿੰਨਾ ਭੁਗਤਾਨ ਕਰੇ। ਮਾਰਕੀਟ ਮਾਹਰ ਇਸ ਗੱਲ ਨਾਲ ਸਹਿਮਤ ਹਨ ਕਿ ਚੀਨੀ ਕੰਪਨੀ ਦੇ ਵਿਕਲਪ ਵਜੋਂ ਕੌਮੀ ਬ੍ਰਾਂਡ ਵਜੋਂ ਪਤੰਜਲੀ ਦਾ ਦਾਅਵਾ ਬਹੁਤ ਮਜ਼ਬੂਤ ਹੈ, ਪਰ ਨਾਲ ਹੀ ਉਹ ਇਹ ਵੀ ਮੰਨਦੇ ਹਨ ਕਿ ਇਸ ਵਿੱਚ ਬਹੁ-ਰਾਸ਼ਟਰੀ ਬ੍ਰਾਂਡ ਵਜੋਂ ਸਟਾਰ ਪਾਵਰ ਦੀ ਘਾਟ ਵੀ ਹੈ।
IPL 2020 Title sponsorship
ਜ਼ਿਕਰਯੋਗ ਹੈ ਕਿ ਚੀਨੀ ਕੰਪਨੀ ਵੀਵੋ ਦੀ ਅਣਹੋਂਦ ਸਮੇਂ ਆਈਪੀਐੱਲ ਦੀ ਸਪਾਂਸਰਸ਼ਿਪ ‘ਚ ਪਤੰਜਲੀ ਇਕੱਲੀ ਦਾਅਵੇਦਾਰ ਨਹੀਂ। ਪ੍ਰਾਪਤ ਖ਼ਬਰਾਂ ਅਨੁਸਾਰ ਆਨਲਾਈਨ ਸ਼ਾਪਿੰਗ ਦਿੱਗ ਕੰਪਨੀ ਐਮਜ਼ਾਨ, ਫੈਂਟੈਸੀ ਸਪੋਰਟਸ ਕੰਪਨੀ ਡ੍ਰੀਮ 11 ਤੇ ਟੀਮ ਇੰਡੀਆ ਦੀ ਜਰਸੀ ਸਪਾਂਸਰ ਤੇ ਆਨਲਾਈਨ ਲਰਨਿੰਗ ਕੰਪਨੀ ਬਾਏਜੂਜ਼ ਵੀ ਇਸ ਸਾਲ ਦੇ ਟਾਈਟਲ ਸਪਾਂਸਰਸ਼ਿਪ ਦੀ ਦੌੜ ‘ਚ ਸ਼ਾਮਲ ਹਨ।