ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ ਮੰਤਰੀ ਦੇ ਖੁਲਾਸੇ ਨੇ ਗੁਆਂਢੀ ਮੁਲਕ ਦੇ ਨਾਪਾਕ ਇਰਾਦਿਆਂ ਤੋਂ ਪਰਦਾ ਚੁੱਕਿਆ: ਕੈਪਟਨ ਅਮਰਿੰਦਰ ਸਿੰਘ

Capt Amarinder Singh

ਕਰਤਾਰਪੁਰ ਲਾਂਘੇ ਬਾਰੇ ਪਾਕਿਸਤਾਨ ਦੇ ਮੰਤਰੀ ਦੇ ਖੁਲਾਸੇ ਨੇ ਗੁਆਂਢੀ ਮੁਲਕ ਦੇ ਨਾਪਾਕ ਇਰਾਦਿਆਂ ਤੋਂ ਪਰਦਾ ਚੁੱਕਿਆ: ਕੈਪਟਨ ਅਮਰਿੰਦਰ ਸਿੰਘ

ਕੈਪਟਨ ਨੇ ਮੁੜ ਗੁੱਝੇ ਢੰਗ ਨਾਲ ਕੀਤਾ ਸਿੱਧੂ ‘ਤੇ ਵਾਰ

ਸਿੱਧੂ ਨੂੰ ਸੁਚੇਤ ਰਹਿ ਕੇ ਇਮਰਾਨ ਨਾਲ ਯਾਰੀਆਂ ਨਿਭਾਉਣ ਦੀ ਦਿੱਤੀ ਨਸੀਹਤ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਪਾਕਿਸਤਾਨ ਦੇ ਰੇਲਵੇ ਮੰਤਰੀ ਰਾਸ਼ਿਦ ਵੱਲੋਂ ਕਰਤਾਰਪੁਰ ਲਾਂਘਾ ਖੋਲਣ ਪਿੱਛੇ ਉਥੋਂ ਦੇ ਫੌਜ ਮੁਖੀ ਜਨਰਲ ਕਾਮਰ ਜਾਵੇਦ ਬਾਜਵਾ ਦੇ ਦਿਮਾਗ ਦੀ ਕਾਢ ਹੋਣ ਦੇ ਕੀਤੇ ਖੁਲਾਸੇ ਨੇ ਇਸ ਕਦਮ ਪਿੱਛੇ ਪਾਕਿਸਤਾਨ ਦੇ ਨਾਪਾਕ ਇਰਾਦਿਆਂ ਤੋਂ ਪਰਦਾ ਚੁੱਕ ਦਿੱਤਾ ਹੈ।

ਮੁੱਖ ਮੰਤਰੀ ਨੇ ਇਸ ਮੁੱਦੇ ’ਤੇ ਆਪਣੇ ਸਟੈਂਡ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਸ਼ਿਦ ਨੇ ਇਸ ਲਾਂਘੇ ਪਿੱਛੇ ਪਾਕਿਸਤਾਨ ਦੇ ਇਰਾਦਿਆਂ ਨੂੰ ਪੂਰੀ ਤਰਾਂ ਨੰਗਾ ਕਰਕੇ ਰੱਖ ਦਿੱਤਾ ਹੈ।ਮੁੱਖ ਮੰਤਰੀ ਨੇ ਰਾਸ਼ਿਦ ਦੀ ਟਿੱਪਣੀ ਦਾ ਸਖ਼ਤ ਨੋਟਿਸ ਲਿਆ ਕਿ ‘‘ਇਹ ਲਾਂਘਾ ਭਾਰਤ ਨੂੰ ਠੇਸ ਪਹੁੰਚਾਏਗਾ ਅਤੇ ਕਰਤਾਰਪੁਰ ਲਾਂਘੇ ਰਾਹੀਂ ਜਨਰਲ ਬਾਜਵਾ ਦੁਆਰਾ ਦਿੱਤਾ ਜ਼ਖਮ ਹਮੇਸ਼ਾ ਰੜਕਦਾ ਰਹੇਗਾ।’’

ਇਸ ਨੂੰ ਭਾਰਤ ਦੀ ਸੁਰੱਖਿਆ ਅਤੇ ਅਖੰਡਤਾ ਵਿਰੁੱਧ ਖੁੱਲੇਆਮ ਖਤਰਾ ਦੱਸਦਿਆਂ ਕੈਪਟਨ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਗੁਆਂਢੀ ਮੁਲਕ ਕਿਸੇ ਤਰਾਂ ਦੀ ਗਲਤਫਹਿਮੀ ਪੈਦਾ ਕਰਨ ਦਾ ਯਤਨ ਨਾ ਕਰੇ।ਮੁੱਖ ਮੰਤਰੀ ਨੇ ਤਾੜਨਾ ਕੀਤੀ ਕਿ ‘‘ਲਾਂਘਾ ਖੁੱਲਣ ਲਈ ਸਾਡੇ ਵੱਲੋਂ ਕੀਤੇ ਧੰਨਵਾਦ ਨੂੰ ਕਮਜ਼ੋਰੀ ਸਮਝਣ ਦੀ ਭੁੱਲ ਨਾ ਕਰੋ।’’ ਉਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਸਰਹੱਦਾਂ ਤੇ ਲੋਕਾਂ ’ਤੇ ਹਮਲੇ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਭਾਰਤ ਮੂੰਹ ਤੋੜਵਾਂ ਜਵਾਬ ਦੇਵੇਗਾ।

ਹੋਰ ਪੜ੍ਹੋ: ਸੁਨੰਦਾ ਪੁਸ਼ਕਰ ਮੌਤ ਮਾਮਲਾ:ਅਦਾਲਤ ਨੇ ਇਸ ਮਾਮਲੇ ਨੂੰ ਨਾਮਜ਼ਦ ਅਦਾਲਤ ‘ਚ ਕੀਤਾ ਤਬਦੀਲ

ਕੈਪਟਨ ਨੇ ਚੇਤੇ ਕਰਵਾਇਆ ਕਿ ਉਹ ਇਹੀ ਕਹਿੰਦੇ ਆਏ ਹਨ ਕਿ ਇਕ ਸਿੱਖ ਹੋਣ ਦੇ ਨਾਤੇ ਕਰਤਾਰਪੁਰ ਲਾਂਘਾ ਖੁੱਲਣ ਦੀ ਉਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਜਿਸ ਨਾਲ ਭਾਰਤੀ ਸ਼ਰਧਾਲੂ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ ਪਰ ਨਾਲ ਹੀ ਇਸ ਨਾਲ ਸਾਡੇ ਮੁਲਕ ਨੂੰ ਦਰਪੇਸ਼ ਖਤਰੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਇਸ ਮਸਲੇ ’ਤੇ ਵਾਰ-ਵਾਰ ਸਾਵਧਾਨੀ ਵਰਤਣ ’ਤੇ ਜ਼ੋਰ ਦਿੱਤਾ ਹੈ।

ਉਨਾਂ ਨੇ ਚਿਤਾਵਨੀ ਦਿੱਤੀ ਕਿ ਇਸ ਲਾਂਘੇ ਰਾਹੀਂ ਪਾਕਿਸਤਾਨ ਵੱਲੋਂ ਸਿੱਖਾਂ ਦਾ ਦਿਲ ਜਿੱਤਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਆਈ.ਐਸ.ਆਈ. ਦੀ ਸ਼ਹਿ ਪ੍ਰਾਪਤ ਰਿਫਰੈਂਡਮ-2020 ਦੇ ਏਜੰਡੇ ਨੂੰ ਅੱਗੇ ਵਧਾਇਆ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਤੱਥਾਂ ਤੋਂ ਇਹ ਪੂਰੀ ਤਰਾਂ ਸਪੱਸ਼ਟ ਹੋ ਚੁੱਕਾ ਹੈ ਕਿ ਬਾਜਵਾ ਨੇ ਇਮਰਾਨ ਖਾਨ ਦੇ ਹਲਫ਼ ਸਮਾਰੋਹ ਦੌਰਾਨ ਨਵਜੋਤ ਸਿੰਘ ਸਿੱਧੂ ਕੋਲ ਲਾਂਘੇ ਦੇ ਨਿਰਮਾਣ ਬਾਰੇ ਪਾਕਿਸਤਾਨ ਦੇ ਫੈਸਲੇ ਦਾ ਖੁਲਾਸਾ ਕੀਤਾ ਸੀ।

ਇਸ ਬਾਰੇ ਲੰਮਾਂ ਸਮਾਂ ਪਹਿਲਾਂ ਕੀਤੇ ਜ਼ਿਕਰ ਨੂੰ ਚੇਤੇ ਕਰਦਿਆਂ ਕੈਪਟਨ ਨੇ ਕਿਹਾ,‘‘ਇਮਰਾਨ ਨੇ ਤਾਂ ਉਸ ਵੇਲੇ ਅਹੁਦਾ ਵੀ ਨਹੀਂ ਸੰਭਾਲਿਆ ਸੀ, ਫਿਰ ਵੀ ਫੌਜ ਮੁਖੀ ਨੇ ਇਸ ਬਾਰੇ ਸਿੱਧੂ ਨਾਲ ਗੱਲ ਕੀਤੀ। ਇਹ ਕਿਵੇਂ ਸੰਭਵ ਹੈ ਕਿ ਲਾਂਘੇ ਦੇ ਫੈਸਲੇ ਪਿੱਛੇ ਬਾਜਵਾ ਨਹੀਂ ਸੀ।’’ ਇਸ ਮੌਕੇ ਕੈਪਟਨ ਨੇ ਮੰਤਰੀ ਮੰਡਲ ਨੂੰ ਅਲਵਿਦਾ ਕਹਿ ਚੁੱਕੇ ਨਵਜੋਤ ਸਿੰਘ ਸਿੱਧੂ ਨੂੰ ਵੀ ਨਸੀਹਤ ਦੇਣ ਦਾ ਮੌਕਾ ਨਹੀਂ ਖੁੰਜਾਇਆ। ਮੁੱਖ ਮੰਤਰੀ ਨੇ ਸਿੱਧੂ ਨੂੰ ਵੀ ਇਮਰਾਨ ਖਾਨ ਨਾਲ ਸੰਭਲ ਕੇ ਯਾਰੀ ਨਿਭਾਉਣ ਲਈ ਕਿਹਾ ਹੈ।

ਪਾਕਿਸਤਾਨ ਦੇ ਮੰਤਰੀ ਵੱਲੋਂ ਕੀਤੇ ਖੁਲਾਸੇ ਦਾ ਜ਼ਿਕਰ ਕਰਦਿਆਂ ਕੈਪਟਨ ਨੇ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਇਮਰਾਨ ਖਾਨ ਸਰਕਾਰ ਨਾਲ ਪੇਸ਼ ਆਉਣ ਮੌਕੇ ਵਧੇਰੇ ਸਾਵਧਾਨੀ ਵਰਤਣ ਅਤੇ ਪਾਕਿ ਪ੍ਰਧਾਨ ਮੰਤਰੀ ਨਾਲ ਆਪਣੀ ਨਿੱਜੀ ਦੋਸਤੀ ਦਾ ਕਿਸੇ ਵੀ ਢੰਗ ਨਾਲ ਆਪਣੇ ਫੈਸਲੇ ’ਤੇ ਪ੍ਰਭਾਵ ਨਾ ਪੈਣ ਦੇਣ ਕਿਉਂਕਿ ਇਹ ਭਾਰਤ ਦੇ ਹਿੱਤਾਂ ਲਈ ਘਾਤਕ ਸਿੱਧ ਹੋ ਸਕਦਾ ਹੈ।

-PTC News