ਵਾਇਰਲ ਖਬਰਾਂ

ਨਿਜੀ ਬੋਲੀਕਾਰਾਂ ਨੂੰ 12 ਸ਼ੇਰਾਂ ਦੀ ਨਿਲਾਮੀ ਕਰਨ ਨੂੰ ਮਜਬੂਰ ਲਾਹੌਰ ਚਿੜੀਆਘਰ

By Jasmeet Singh -- August 08, 2022 6:10 pm

ਕਰਾਚੀ, 8 ਅਗਸਤ: ਲਾਹੌਰ ਸਫਾਰੀ ਚਿੜੀਆਘਰ ਸ਼ੇਰਾਂ ਦੀ ਆਬਾਦੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵਿੱਚ 12 ਸ਼ੇਰਾਂ ਦੀ ਨਿਲਾਮੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸਤੋਂ ਬਾਅਦ ਨਿਜੀ ਕੁਲੈਕਟਰਾਂ ਨੂੰ ਉਨ੍ਹਾਂ 'ਤੇ ਬੋਲੀ ਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਵਰਤਮਾਨ ਵਿੱਚ ਪਾਕਿਸਤਾਨ ਦੇ ਇਸ ਚਿੜੀਆਘਰ ਵਿੱਚ 29 ਸ਼ੇਰ ਹਨ, ਪਰ ਚਿੜੀਆਘਰ ਦਾ ਪ੍ਰਸ਼ਾਸਨ 2 ਤੋਂ 5 ਸਾਲ ਦੇ ਵਿਚਕਾਰ ਦੇ ਸ਼ੇਰਾਂ ਨੂੰ ਨਿਲਾਮ ਕਰਕੇ ਗਿਣਤੀ ਨੂੰ ਘਟਾਉਣ ਦੀ ਕੋਸ਼ਿਸ਼ 'ਚ ਹਨ।


ਚਿੜੀਆਘਰ ਦੇ ਡਿਪਟੀ ਡਾਇਰੈਕਟਰ ਤਨਵੀਰ ਅਹਿਮਦ ਜੰਜੂਆ ਦੇ ਅਨੁਸਾਰ, ਜ਼ਿਆਦਾ ਆਬਾਦੀ ਕਾਰਨ ਸ਼ੇਰਾਂ ਅਤੇ ਬਾਘਾਂ ਨੂੰ ਘੁੰਮਣ ਫਿਰਨ ਨੂੰ ਥਾਂ ਨਹੀਂ ਮਿਲ ਪਾ ਰਹੀ ਹੈ। ਆਗਾਮੀ ਨਿਲਾਮੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਏਜੰਸੀ ਨੂੰ ਦੱਸਿਆ ਕਿ ਨਾ ਸਿਰਫ਼ ਇਸ ਕਾਰਵਾਈ ਨਾਲ ਜਗ੍ਹਾ ਖਾਲੀ ਹੋਵੇਗੀ ਪਰ ਬਾਕੀ ਬਚੇ ਸ਼ੇਰਾਂ ਨੂੰ ਖਾਣ ਲਈ ਦਿੱਤਾ ਜਾਂਦਾ ਮੀਟ ਦਾ ਖਰਚਾ ਵੀ ਘੱਟੇਗਾ।"

ਚਿੜੀਆਘਰ ਨੂੰ ਸ਼ੇਰਾਂ ਲਈ ਬਹੁਤ ਸਾਰੇ ਖਰੀਦਦਾਰਾਂ ਦੀ ਉਮੀਦ ਹੈ ਕਿਉਂਕਿ ਅਰਬ ਮੁਲਕਾਂ ਦੀ ਤਰਜ 'ਤੇ ਪਾਕਿਸਤਾਨ 'ਚ ਵੀ ਸ਼ੇਰਾਂ ਨੂੰ ਪਾਲਣ ਦਾ ਰੁਝਾਨ ਵੱਧ ਦਾ ਜਾ ਰਿਹਾ, ਜੋ ਕਿ ਧਨੀ ਲੋਕਾਂ ਦੀ ਪਹਿਚਾਣ ਹੈ। ਇਨ੍ਹਾਂ ਸ਼ੇਰਾਂ ਦੀ ਬੇਸ ਕੀਮਤ 1,50,000 ਪਾਕਿਸਤਾਨੀ ਰੁਪਏ ਰੱਖੀ ਗਈ ਹੈ ਜਿਸਤੋਂ ਬੋਲੀ ਦੀ ਸ਼ੁਰੂਆਤ ਹੋਵੇਗੀ।

ਚਿੜੀਆਘਰ ਨੇ ਕਿਹਾ ਹੈ ਕਿ ਸੰਭਾਵੀ ਖਰੀਦਦਾਰਾਂ ਨੂੰ ਬੋਲੀ ਲਗਾਉਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਉਚਿਤ ਅਥਾਰਟੀਜ਼ ਨਾਲ ਰਜਿਸਟਰ ਕਰਨ ਦੀ ਲੋੜ ਹੋਵੇਗੀ ਅਤੇ ਉਨ੍ਹਾਂ ਨੂੰ ਸਬੂਤ ਦਿਖਾਉਣਾ ਹੋਵੇਗਾ ਕਿ ਉਹ ਜਾਨਵਰਾਂ ਦੀ ਦੇਖਭਾਲ ਕਰ ਸਕਦੇ ਹਨ।

ਇਹ ਵੀ ਪੜ੍ਹੋ: ਬੀ.ਸੀ. ਪੁਲਿਸ ਏਜੰਸੀਆਂ ਵੱਲੋਂ ਗੈਂਗ ਹਿੰਸਾ ਨਾਲ ਜੁੜੇ 11 ਵਿਅਕਤੀਆਂ ਖ਼ਿਲਾਫ਼ ਚੇਤਾਵਨੀ ਜਾਰੀ


-PTC News

  • Share