ਨਹੀਂ ਰੁਕ ਰਿਹਾ ‘ਟਿੱਡੀ ਦਲ’ ਦਾ ਕਹਿਰ , ਪੁੱਜਾ ਦਿੱਲੀ ਦੇ ਨੇੜੇ , ਕਈ ਰਾਜਾਂ ‘ਚ ਹਾਈ ਅਲਰਟ

https://www.ptcnews.tv/wp-content/uploads/2020/05/WhatsApp-Image-2020-05-27-at-5.41.23-PM.jpeg

ਨਵੀਂ ਦਿੱਲੀ :ਨਹੀਂ ਰੁਕ ਰਿਹਾ ‘ਟਿੱਡੀ ਦਲ’ ਦਾ ਕਹਿਰ , ਪੁੱਜਾ ਦਿੱਲੀ ਦੇ ਨੇੜੇ , ਕਈ ਰਾਜਾਂ ‘ਚ ਹਾਈ ਅਲਰਟ: ਰਾਜਸਥਾਨ ‘ਚ ਕਹਿਰ ਢਾਅ ਫ਼ਸਲਾਂ ਦਾ ਨੁਕਸਾਨ ਕਰਦਾ ਹੋਇਆ ਟਿੱਡੀ ਦਲ ਦਿੱਲੀ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ , ਜਿਸਦੇ ਚਲਦੇ ਹੋਏ ਦਿੱਲੀ ਸਮੇਤ ਕਈ ਰਾਜਾਂ ‘ਚ ਅਲਰਟ ਕਰ ਦਿੱਤਾ ਗਿਆ ਹੈ , ਹਾਲਾਂਕਿ ਕੇਂਦਰ ਸਰਕਾਰ ਦੇ ਨਾਲ-ਨਾਲ ਰਾਜਾਂ ਦੀ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਪੂਰੀ ਚੌਕਸੀ ਨਾਲ ਟਿੱਡੀਆਂ ਦੇ ਝੁੰਡ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹੈ।

ਟਿੱਡੀ ਦਲ ਨੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ‘ਚ ਕਾਫ਼ੀ ਨੁਕਸਾਨ ਕੀਤਾ ਹੈ , ਜਦਕਿ ਇਹਨਾਂ ਕੀੜਿਆਂ ਦੇ ਹਮਲੇ ਨਾਲ ਰਾਜਸਥਾਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਤੇ ਹੁਣ ਖ਼ਬਰ ਹੈ ਕਿ ਇੱਕੋ ਸਮੇਂ ਤੇਜ਼ੀ ਨਾਲ ਫ਼ਸਲਾਂ ਬਰਬਾਦ ਕਰਨ ਦੀ ਸਮਰੱਥਾ ਰੱਖਣ ਵਾਲੇ ਟਿੱਡੀ ਦਲ ਨੇ ਰਾਜਧਾਨੀ ਦਿੱਲੀ ਵੱਲ ਰੁਖ ਕਰ ਲਿਆ ਹੈ ਅਤੇ ਤੇਜ਼ੀ ਨਾਲ ਅੱਗੇ ਵੱਧਦਾ ਹੋਇਆ ਦਿੱਲੀ ਦੇ ਬਹੁਤ ਕਰੀਬ ਪਹੁੰਚ ਗਿਆ ਹੈ।

ਟਿੱਡੀ ਦਲ ਦੇ ਖ਼ਤਰੇ ਨੂੰ ਲੈ ਕੇ ਕਈ ਸੂਬਿਆਂ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਜੇਕਰ ਇਸ ਤੇਜ਼ੀ ਨਾਲ ਟਿੱਡੀ ਦਲ ਵੱਧਦਾ ਗਿਆ ਤਾਂ ਕਾਫ਼ੀ ਰਾਜਾਂ ‘ਚ ਫ਼ਸਲਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਰਾਜਧਾਨੀ ‘ਚ ਲੱਖਾਂ ਦੀ ਗਿਣਤੀ ਵਿਚ ਟਿੱਡੀਆਂ ਦੇ ਆਉਣ ਦੇ ਅੰਦਾਜ਼ੇ ਦੇ ਚਲਦੇ ਪ੍ਰਸ਼ਾਸਨ ਅਤੇ ਕਿਸਾਨਾਂ ਨੂੰ ਚੌਕਸੀ ਵਰਤਣ ਲਈ ਕਿਹਾ ਗਿਆ ਹੈ।

ਅਗਲੇਰੇ ਦਿਨਾਂ ‘ਚ ਪੰਜਾਬ ‘ਚ ਵੀ ਫ਼ਸਲਾਂ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ, ਜਿਸਦੇ ਚਲਦੇ ਜੇਕਰ ਇਹ ਟਿੱਡੀ ਦਲ ਪੰਜਾਬ ‘ਚ ਆਇਆ ਤਾਂ ਨੁਕਸਾਨ ਪਹੁੰਚਾ ਸਕਦਾ ਹੈ। ਟਿੱਡੀ ਦਲ ਤਿੰਨ ਤੋਂ ਪੰਜ ਕਿਲੋਮੀਟਰ ਦੀ ਚੌੜਾਈ ‘ਚ ਉੱਡਦੇ ਹੋਏ ਚੱਲਦਾ ਹੈ । ਜਿਸ ਪਾਸਿਓਂ ਵੀ ਇਹ ਕੀੜੇ ਲੰਘਦੇ ਹਨ , ਉਸ ਖੇਤਰ ਦੇ ਰੁੱਖ, ਪੌਦੇ ਅਤੇ ਫ਼ਸਲਾਂ ਦੇ ਪੱਤੇ ਤੱਕ ਹਜ਼ਮ ਕਰ ਜਾਂਦੇ ਹਨ।ਦੱਸ ਦੇਈਏ ਕਿ ਦਿੱਲੀ ਅਤੇ ਬਾਕੀ ਸੂਬਿਆਂ ਦੇ ਨਾਲ ਪੰਜਾਬ ‘ਚ ਅਲਰਟ ਜਾਰੀ ਕਰਦਿਆਂ ਕਿਸਾਨਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ , ਪ੍ਰਸ਼ਾਸ਼ਨ ਅਤੇ ਖੇਤੀਬਾੜੀ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ ।

ਖੇਤੀਬਾੜੀ ਵਿਗਿਆਨਕ ਸਲਾਹਕਾਰਾਂ ਅਨੁਸਾਰ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਕਿਸਾਨ ਟੋਲੀ ਬਣਾ ਕੇ ਰੌਲਾ ਪਾਉਣ ਜਾਂ ਫ਼ਿਰ ਕੋਈ ਯੰਤਰ ਦੀ ਧੁਨੀ ਨਾਲ ਟਿੱਡੀ ਦਲ ਨੂੰ ਭਜਾਇਆ ਜਾ ਸਕਦਾ ਹੈ । ਕਿਸਾਨ ਤੇਜ਼ ਆਵਾਜ਼ ਵਾਸਤੇ ਢੋਲ, ਟਰੈਕਟਰ, ਮੋਟਰਸਾਈਕਲ, ਖਾਲੀ ਟੀਨ ਦੇ ਡੱਬੇ, ਥਾਲੀਆਂ ਆਦਿ ਦੀ ਵਰਤੋਂ ਕਰਨ ਤਾਂ ਜੋ ਟਿੱਡੀ ਦਲ ਡਰ ਕੇ ਉੱਡ ਜਾਣ , ਜਾਂ ਫ਼ਿਰ ਕੋਈ ਵੀ ਆਵਾਜ਼ ਪੈਦਾ ਕਰਨ ਵਾਲੀ ਵਸਤੂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ । ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਵੀ ਇਸ ‘ਚ ਸਹਾਈ ਹੋ ਸਕਦਾ ਹੈ ।

ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਪੂਸਾ ਸਥਿਤ ਇੰਡੀਅਨ ਕਾਉਂਸਲ ਆਫ ਐਗਰੀਕਲਚਰਲ ਰਿਸਰਚ ( Indian Council of Agricultural Research) ਦੇ ਪ੍ਰਧਾਨ ਵਿਗਿਆਨਿਕ ਡਾ.ਜੇਪੀਐੱਸ ਡਬਾਸ ਨੇ ਕਿਹਾ ਕਿ ਟਿੱਡੀ ਦਲ ਨੂੰ ਰਾਜਸਥਾਨ ‘ਚ ਹੀ ਕਾਬੂ ਕਰ ਲਿਆ ਜਾਣਾ ਚਾਹੀਦਾ ਹੈ । ਦਿੱਲੀ ਅਤੇ ਹਰਿਆਣਾ ਸਰਕਾਰਾਂ ਨੂੰ ਦਵਾਈ ਵਾਸਤੇ ਪ੍ਰਬੰਧ ਕਰ ਲੈਣੇ ਚਾਹੀਦੇ ਹਨ , ਤਾਂਕਿ ਤੇਜ਼ ਹਵਾ ਚੱਲਣ ‘ਤੇ ਜੇਕਰ ਇਹ ਉੱਥੇ ਪਹੁੰਚੇ ਤਾਂ ਇਸਨੂੰ ਕਾਬੂ ਕੀਤਾ ਜਾ ਸਕੇ ।