ਹੋਰ ਖਬਰਾਂ

ਜਿਥੇ ਪਾਣੀ ਦੇ ਸੰਕਟ ਨਾਲ ਜੂੰਝ ਰਿਹਾ ਹੈ ਪੰਜਾਬ, ਉਥੇ ਇਸ ਪਿੰਡ 'ਚ ਪਾਣੀ ਦੀ ਇੱਕ ਵੀ ਬੂੰਦ ਨਹੀਂ ਹੁੰਦੀ ਬਰਬਾਦ

By Jashan A -- July 15, 2019 2:07 pm -- Updated:Feb 15, 2021

ਜਿਥੇ ਪਾਣੀ ਦੇ ਸੰਕਟ ਨਾਲ ਜੂੰਝ ਰਿਹਾ ਹੈ ਪੰਜਾਬ, ਉਥੇ ਇਸ ਪਿੰਡ 'ਚ ਪਾਣੀ ਦੀ ਇੱਕ ਵੀ ਬੂੰਦ ਨਹੀਂ ਹੁੰਦੀ ਬਰਬਾਦ,ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਪੰਜਾਬ ਵੀ ਇਸ ਸਮੇਂ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸੂਬੇ ਦੇ 22 ਜ਼ਿਲ੍ਹਿਆਂ ਵਿੱਚੋਂ ਜਿਹੜੇ 20 ਜਿਲ੍ਹੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ।ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ। ਇਹ ਖੁਲਾਸਾ ਕੀਤਾ ਹੈ ਕੇਂਦਰ ਸਰਕਾਰ ਵਲੋਂ ਜਲ ਸੰਕਟ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਗਈ ਮੁਹਿੰਮ "ਜਲ ਸ਼ਕਤੀ ਅਭਿਆਨ" ਦੀ ਟੀਮ ਨੇ।

ਪਾਣੀ ਨੂੰ ਬਣਾਉਣ ਲਈ ਜਿਥੇ ਸਰਕਾਰਾਂ ਨਾਕਾਮ ਹੋ ਰਹੀਆਂ ਹਨ, ਉਥੇ ਹੀ ਮੋਗਾ ਦੇ ਪਿੰਡ ਰਣਸੀਂਹ ਕਲਾਂ ਦੇ ਨੌਜਵਾਨਾਂ ਨੇ ਪਾਣੀ ਨੂੰ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ। ਇਸ ਦੀ ਸ਼ੁਰੁਆਤ ਉਹਨਾਂ ਨੇ ਆਪਣੇ ਪਿੰਡ ਤੋਂ ਹੀ ਕੀਤੀ। ਦਰਅਸਲ, ਪਿੰਡ 'ਚ ਪਾਣੀ ਦੀ ਇੱਕ ਵੀ ਬੂੰਦ ਬਰਬਾਦ ਨਹੀਂ ਕੀਤੀ ਜਾਂਦੀ ਹੈ।

ਪਿੰਡ ਦੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਇਸ ਗੱਲ ਦਾ ਖਾਸ ਧਿਆਨ ਰੱਖਦੇ ਹਨ। ਪਿੰਡ ਵਾਸੀਆਂ ਵੱਲੋਂ ਆਪਣੇ-ਆਪਣੇ ਘਰਾਂ 'ਚ ਡਰੰਮ ਰੱਖੇ ਹੋਏ ਹਨ, ਜਿਨ੍ਹਾਂ 'ਚ ਵੇਸਟ ਪਾਣੀ ਪਾਇਆ ਜਾਂਦਾ ਹੈ। ਇਹਨਾਂ ਹੀ ਨਹੀਂ ਸਗੋਂ ਪਿੰਡ 'ਚ ਕੋਈ ਬਾਹਰੋਂ ਵੀ ਆਉਂਦਾ ਤੇ ਉਹ ਪਾਣੀ ਪੀ ਕੇ ਅੱਧਾ ਗਿਲਾਸ ਛੱਡ ਦਿੰਦਾ ਹੈ ਤਾਂ ਉਸ ਪਾਣੀ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ। ਉਸ ਪਾਣੀ ਨੂੰ ਡਰੰਮਾਂ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਲੋੜ ਪੈਣ 'ਤੇ ਉਸ ਨੂੰ ਸਬਜ਼ੀਆਂ ਦਰੱਖਤਾਂ ਨੂੰ ਪਾ ਦਿੱਤਾ ਜਾਂਦਾ ਹੈ।

ਹੋਰ ਪੜ੍ਹੋ:ਕਾਂਗਰਸ ਸਰਕਾਰ ਹਰੀਕੇ 'ਤੇ ਪਾਣੀ ਦੀ ਸਪਲਾਈ ਵਧਾਏ: ਸੁਖਬੀਰ ਬਾਦਲ

ਪਿੰਡ ਵਾਸੀ ਪੈਸੇ ਇਕੱਠੇ ਕਰ ਮੀਂਹ ਦੇ ਪਾਣੀ ਨੂੰ ਸਟੋਰ ਕਰਨ ਲਈ ਇੱਕ ਵਿਸ਼ੇਸ਼ ਜਲਗਾਹ ਬਣਾ ਰਹੇ ਹਨ, ਜਿਸ ਦਾ ਸਾਰਾ ਕੰਮ ਮੁਕੰਮਲ ਹੋ ਚੁੱਕਿਆ ਹੈ। ਇਸ ਜਲਗਾਹ ਦਾ ਪਾਣੀ ਫਸਲਾਂ ਦੀ ਬਿਜਾਈ ਲਈ ਵਰਤਿਆ ਜਾਵੇਗਾ।

ਉਥੇ ਹੀ ਪਿੰਡ 'ਚ ਸੂਚਨਾ ਜਾਰੀ ਕੀਤੀ ਗਈ ਹੈ ਕਿ ਜੋ ਵੀ ਪਾਣੀ ਦੀ ਬਰਬਾਦੀ ਕਰੇਗਾ, ਉਸ ਨੂੰ ਕੁਝ ਕੁ ਰੁਪਿਆ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਉਸ ਜ਼ੁਰਮਾਨੇ ਦੇ ਪੈਸਿਆਂ ਨਾਲ ਪਿੰਡ 'ਚ ਦਰੱਖਤ ਲਗਾ ਦਿੱਤੇ ਜਾਣਗੇ।

ਇਹਨਾਂ ਪਿੰਡ ਵਾਸੀਆਂ ਨੇ ਇਹ ਉਪਰਾਲਾ ਕਰ ਵੱਖਰੀ ਮਿਸਾਲ ਪੇਸ਼ ਕਰ ਦਿੱਤੀ ਹੈ, ਜੇਕਰ ਹੋਰ ਲੋਕ ਵੀ ਇਸੇ ਤਰ੍ਹਾਂ ਪਾਣੀ ਨੂੰ ਬਚਾਉਣ ਲਈ ਅੱਗੇ ਆਉਣ ਤਾਂ ਸਾਡਾ ਪੰਜਾਬ ਇਸ ਸੰਕਟ ਵਿੱਚੋਂ ਬਾਹਰ ਨਿਕਲ ਜਾਵੇਗਾ।

-PTC News

  • Share