ਮੁੱਖ ਖਬਰਾਂ

ਕੁਝ ਦਿਨਾਂ 'ਚ ਉਨ੍ਹਾਂ ਸਾਰੇ ਲੋਕਾਂ ਦੇ ਨਾਂ ਜਨਤਕ ਕਰਨਗੇ ਮੂਸੇਵਾਲਾ ਦੇ ਪਿਤਾ, ਜਿਨ੍ਹਾਂ ਕਾਰਨ ਹੋਈ ਸਿੱਧੂ ਦੀ ਮੌਤ

By Jasmeet Singh -- August 14, 2022 3:04 pm -- Updated:August 14, 2022 4:25 pm

ਚੰਡੀਗੜ੍ਹ, 14 ਅਗਸਤ: ਅੱਜ ਹਜ਼ਾਰਾਂ ਲੋਕ ਸਿੱਧੂ ਮੂਸੇਵਾਲਾ ਦੇ ਘਰ ਉਸਦੇ ਮਾਤਾ-ਪਿਤਾ ਨੂੰ ਮਿਲਣ ਲਈ ਪਹੁੰਚੇ ਸਨ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਲੋਕਾਂ ਨੇ ਉਸਦੇ ਪੁੱਤਰ ਨੂੰ ਇਸ ਲਈ ਮਾਰਿਆ ਕਿਉਂਕਿ ਉਸ ਨੇ ਥੋੜ੍ਹੇ ਸਮੇਂ ਵਿੱਚ ਹੀ ਜ਼ਿਆਦਾ ਤਰੱਕੀ ਕਰ ਲਈ ਸੀ।

ਉਨ੍ਹਾਂ ਕਿਹਾ ਕਿ ਸਿੱਧੂ ਦੇ ਕਤਲ ਲਈ ਕੁਝ ਗਾਇਕ ਵੀ ਜ਼ਿੰਮੇਵਾਰ ਹਨ ਜੋ ਨਹੀਂ ਚਾਹੁੰਦੇ ਸਨ ਕਿ ਸਿੱਧੂ ਮੂਸੇਵਾਲਾ ਚੰਗੇ ਗਾਣੇ ਬਣਾਵੇ। ਉਨ੍ਹਾਂ ਕਿਹਾ ਕਿ ਇਹ ਗਾਇਕ ਹੁਣ ਕਦੀ ਵੀ ਤਰੱਕੀ ਨਹੀਂ ਕਰਨਗੇ ਕਿਉਂਕਿ ਹੁਣ ਸਿੱਧੂ ਮੂਸੇਵਾਲਾ ਇਸ ਦੁਨੀਆਂ ਵਿੱਚ ਨਹੀਂ ਰਿਹਾ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਲਜ਼ਾਮ ਲਾਇਆ ਕਿ ਇੱਕ ਧੜੇ ਨੇ ਸਾਰਿਆਂ ਨੂੰ ਗੁੰਮਰਾਹ ਕੀਤਾ ਹੈ। ਜਿੱਥੋਂ ਤੱਕ ਸਰਕਾਰ ਨੂੰ ਗੁੰਮਰਾਹ ਕਰਨ ਦੀ ਗੱਲ ਤਾਂ ਉਨ੍ਹਾਂ ਕਿਹਾ ਕਿ ਸਿੱਧੂ ਨੇ ਇੱਕ ਗੀਤ ਗਾਇਆ ਸੀ ਜਿਸ 'ਚ ਕਿਹਾ ਸੀ ਕਿ ਜੋ ਆਪਣੀ ਘਰਵਾਲੀ ਨੂੰ ਸਾਂਭ ਨੀ ਸਕੇ ਉਹ ਮੈਨੂੰ ਸਲਾਹ ਦਿੰਦੇ ਹਨ, ਜਿਸਨੂੰ ਗਲਤ ਢੰਗ ਨਾਲ ਰਾਜਨੀਤਿਕ ਲੋਕਾਂ ਨੂੰ ਦਰਸ਼ਾਇਆ ਗਿਆ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਬਾਰੇ ਗਲਤ ਅਰਥ ਕੱਢ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਛੋਟੇ ਜਿਹੇ ਕੈਰੀਅਰ 'ਚ ਕੁਝ ਲੋਕ ਚਾਹੁੰਦੇ ਸਨ ਕਿ ਸਿੱਧੂ ਮੂਸੇਵਾਲਾ ਜੋ ਵੀ ਕਰੇ ਉਨ੍ਹਾਂ ਰਾਹੀਂ ਕਰੇ। ਪਰ ਜਿੰਨਾ ਚਿਰ ਉਹ ਰਿਹਾ ਅਣਖ ਨਾਲ ਰਿਹਾ ਤੇ ਮੈਂ ਵੀ ਉਨਾਂ ਚਿਰ ਅਣਖ ਨਾਲ ਜਿਊਂਗਾ।

ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਕੈਨੇਡਾ ਪੜ੍ਹਨ ਲਈ ਗਿਆ ਸੀ ਤਾਂ ਉਸ ਨਾਲ ਕੁਝ ਗਲਤ ਲੋਕ ਮਿਲ ਕੇ ਫਾਇਦਾ ਲੱਭ ਰਹੇ ਸਨ। ਉਨ੍ਹਾਂ ਕਿਹਾ ਕਿ ਕੁਝ ਸਮੇਂ ਬਾਅਦ ਉਹ ਸਿੱਧੂ ਦੀ ਮੌਤ ਲਈ ਜ਼ਿੰਮੇਵਾਰ ਸਾਰਿਆਂ ਦੇ ਨਾਂ ਦੱਸਣਗੇ।

-PTC News

  • Share