
ਅੰਮ੍ਰਿਤਸਰ : ਪੰਜਾਬ ਕਾਂਗਰਸ ਵਿੱਚ ਕਾਟੋ -ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਅੱਜ ਅੰਮ੍ਰਿਤਸਰ ਸ਼ਹਿਰ ਦੀ ਵਪਾਰ ਅਤੇ ਉਦਯੋਗਿਕ ਐਸੋਸੀਏਸ਼ਨ ਨਾਲ ਪੰਜਾਬ ਦੇ ਗੰਭੀਰ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਪਹੁੰਚੇ ਨਵਜੋਤ ਸਿੱਧੂ ਨੇ ਆਪਣੀ ਪਾਰਟੀ 'ਤੇ ਕਈ ਸਵਾਲ ਖੜ੍ਹੇ ਕਰਦਿਆਂ ਧਮਕੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਡੱਮੀ ਮੁੱਖ ਮੰਤਰੀ ਦਾ ਕੋਈ ਫ਼ਾਇਦਾ ਨਹੀਂ ਹੈ ਜੇ ਕਰ ਪੰਜਾਬ ਲਈ ਕੰਮ ਹੀ ਨਹੀਂ ਕਰਨੇ।
ਇਸ ਮੌਕੇ ਨਵਜੋਤ ਸਿੱਧੂ ਦਾ ਕਹਿਣਾ ਸੀ ਕਿ ਮੈਂ ਵਾਅਦਾ ਕਰਦਾ ਹਾਂ ਕਿ ਪੰਜਾਬ ਦੇ ਮੁੱਦਿਆਂ ਲਈ ਜਾਨ ਦੀ ਬਾਜ਼ੀ ਲਗਾ ਦਵਾਂਗਾ। ਇਸ ਦੇ ਲਈ ਮੈਨੂੰ ਹਾਈਕਮਾਂਡ ਫ਼ੈਸਲੇ ਲੈਣ ਦੀ ਸ਼ਕਤੀ ਤੇ ਇਜਾਜ਼ਤ ਦਵੇ। ਇਸ ਨਾਲ ਹੀ ਨਵਜੋਤ ਸਿੱਧੂ ਨੇ ਹਾਈਕਮਾਂਡ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਫੈਸਲੇ ਲੈਣ ਦੀ ਛੋਟ ਨਹੀਂ ਦਿੱਤੀ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ। ਨਵਜੋਤ ਸਿੱਧੂ ਨੇ ਕੈਪਟਨ 'ਤੇ ਘਪਲੇਬਾਜ਼ੀ ਦਾ ਦੋਸ਼ ਲਾਇਆ ਹੈ।
ਓਧਰ ਦੂਜੇ ਪੈਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਹਰਚਰਨ ਸਿੰਘ ਬੈਂਸ ਨੇ ਨਵਜੋਤ ਸਿੱਧੂ 'ਤੇ ਤੰਜ ਕਸਦਿਆਂ ਕਿਹਾ ਹੈ ਕਿ ਮੈਨੂੰ ਲਗਦੈ ਮੁੰਨੀ ਫਿਰ ਬਦਨਾਮ ਹੋਊਗੀ, ਰਾਹੁਲ ਬਾਬਾ ਫਿਰ ਪੱਪੂ ਬਣੂਗਾ , ਮਨਮੋਹਨ ਸਿੰਘ ਫਿਰ ਅ-ਸਰਦਾਰ ਬਣਨਗੇ। ਸਿੱਧੂ ਦੀ ਗੱਲ ਨਾ ਮੰਨੀ ਤਾਂ ਕੈਪਟਨ ਹੀ ਨਹੀਂ, ਬਲਕਿ ਸੋਨੀਆ, ਰਾਹੁਲ , ਪ੍ਰਿਯੰਕਾ ਤੇ ਮਨਮੋਹਨ ਵੀ ਬਾਦਲਾਂ ਨਾਲ ਰਲੇ ਹੋਏ ਹਨ।
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਅੰਦਰ ਪਿਛਲੇ ਕੁਝ ਮਹੀਨਿਆਂ ਤੋਂ ਧੁੱਖ ਰਹੀ ਬਗਾਵਤ ਦੀ ਅੱਗ ਹੁਣ ਭਾਂਬੜ ਬਣ ਕੇ ਸਾਹਮਣੇ ਆ ਰਹੀ ਹੈ। ਪਿਛਲੇ ਮਹੀਨੇ ਕਾਂਗਰਸ ਹਾਈਕਮਾਨ ਨੇ ਇਸ ਬਗਾਵਤ ਦੀ ਅੱਗ ਨੂੰ ਕੁਝ ਦਬਾਉਣ ਦੀ ਕੋਸ਼ਿਸ ਕੀਤੀ ਸੀ ਜਿਸ ਅਧੀਨ ਹੀ ਸੁਨੀਲ ਜਾਖੜ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਕਰਕੇ ਇਸ ਦੀ ਕਮਾਨ ਨਵਜੋਤ ਸਿੰਘ ਸਿੱਧੂ ਨੂੰ ਫੜਾ ਦਿੱਤੀ ਸੀ।
ਦੱਸ ਦੇਈਏ ਕਿ ਬੀਤੇ ਦਿਨ੍ਹੀ ਸਿੱਧੂ ਸਮਰਥਕ ਧੜੇ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੀਟਿੰਗ ਕੀਤੀ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇਸ ਮੀਟਿੰਗ ਵਿੱਚ 32 ਵਿਧਾਇਕ ਅਤੇ ਮੰਤਰੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੇ ਜ਼ਰੂਰੀ ਮੁੱਦੇ ਹੱਲ ਨਹੀਂ ਹੋ ਸਕਦੇ ਸਗੋਂ ਪੰਜਾਬ ਕਾਂਗਰਸ ਦਾ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨੁਕਸਾਨ ਹੋ ਸਕਦਾ ਹੈ।
-PTCNews