ਨਵ-ਨਵੇਲੀ ਵਹੁਟੀ ਨੂੰ ਗੱਡੀ ‘ਤੇ ਗੇੜਾ ਦੁਆਉਣਾ ਨੌਜਵਾਨ ਨੂੰ ਪਿਆ ਮਹਿੰਗਾ, ਆਇਆ ਪੁਲਿਸ ਅੜਿੱਕੇ

https://www.ptcnews.tv/wp-content/uploads/2020/04/368f36b7-fa19-4b6a-bdcb-c310c13802c2.jpg

ਮੋਗਾ : ਕੋਰੋਨਾ ਵਾਇਰਸ ਤੋਂ ਲੋਕਾਂ ਦੇ ਬਚਾਅ ਲਈ ਜਿੱਥੇ ਸਰਕਾਰ ਨੇ ਸਖ਼ਤੀ ਨਾਲ ਲੌਕਡਾਊਨ( ਤਾਲਾਬੰਦੀ ) ਦੀ ਪਾਲਣਾ ਕਰਨ ਲਈ ਕਿਹਾ ਹੈ , ਉੱਥੇ ਇਸ ਦੌਰਾਨ ਇੱਕ ਯੁਵਕ ਕਰਫਿਊ ਦੀਆਂ ਧੱਜੀਆਂ ਉਡਾਉਂਦੇ ਹੋਏ ਆਪਣੀ ਨਵ-ਵਿਆਹੀ ਪਤਨੀ ਨੂੰ ਘੁੰਮਾਉਣ ਲਈ ਨਿਕਲਿਆ ਅਤੇ ਸਥਾਨਕੀ ਸ਼ਹਿਰ ‘ਚ ਲੱਗੇ ਪੁਲਿਸ ਦੇ ਤਕਰੀਬਨ 4 ਚਾਰ ਨਾਕੇ ਤੋੜ ਦਿੱਤੇ ।

ਮਿਲੀ ਜਾਣਕਾਰੀ ਅਨੁਸਾਰ ਗੌਨੀ ਨਾਮਕ ਉਕਤ ਨੌਜਵਾਨ , ਜਿਸਦੀ ਕੁਝ ਸਮਾਂ ਪਹਿਲਾਂ ਹੀ ਸ਼ਾਦੀ ਹੋਈ ਹੈ , ਸਥਾਨਿਕ ਸ਼ਹਿਰ ਦੇ ਜਵਾਹਰਲਾਲ ਨਗਰ ਦਾ ਵਾਸੀ ਹੈ ਅਤੇ ਉਥੋਂ ਦੇ ਇੱਕ ਮੋਬਾਈਲ ਸਟੋਰ ਦੇ ਸੰਚਾਲਕ ਦਾ ਪੁੱਤਰ ਹੈ । ਜ਼ਿਕਰਯੋਗ ਹੈ ਕਿ ਗੌਨੀ ਆਪਣੀ ਨਵੀਂ-ਨਵੇਲੀ ਦੁਲਹਨ ਨੂੰ ਬਾਹਰ ਦੀ ਹਵਾ ਖਵਾਉਣ ਲਈ ਲੈ ਕੇ ਗਿਆ ਸੀ ਅਤੇ ਪੁਲਿਸ ਦਾ ਨਾਕਾ ਤੋੜਕੇ ਨਿਕਲਦੇ ਹੋਏ ਉਸਨੂੰ ਥਾਣਾ ਸਦਰ ਦੇ ਐੱਸ.ਐੱਚ.ਓ ਕਰਮਜੀਤ ਸਿੰਘ ਨੇ ਪੁਲਿਸ ਕਰਮਚਾਰੀਆਂ ਨਾਲ ਉਸਦਾ ਪਿੱਛਾ ਕਰਨ ਉਪਰੰਤ ਦਬੋਚ ਲਿਆ।

https://www.ptcnews.tv/wp-content/uploads/2020/04/4f3381dc-9950-454d-b1e8-f46a3eaf3ca0.jpg

 

ਦੱਸ ਦੇਈਏ ਕਿ ਉਕਤ ਨੌਜਵਾਨ ਗੌਨੀ ਆਪਣੇ ਪਰਿਵਾਰ ਨੂੰ ਦੱਸਣ ਤੋਂ ਬਿਨ੍ਹਾਂ ਹੀ ਆਪਣੀ ਪਤਨੀ ਨੂੰ ਕਰੇਟਾ ਗੱਡੀ ‘ਚ ਬਿਠਾ ਕੇ ਘੁੰਮਾਉਣ ਲਈ ਰਵਾਨਾ ਹੋਇਆ ਅਤੇ ਘਰ-ਵਾਪਸੀ ਦੌਰਾਨ ਉਸਨੇ ਫਿਰੋਜ਼ਪੁਰ ਸੜਕ ‘ਤੇ ਲੱਗੇ ਨਾਕੇ ਨੂੰ ਤੋੜਿਆ ਅਤੇ ਫ਼ਿਰ ਤੇਜ਼ੀ ਨਾਲ ਗੱਡੀ ਦੁੜਾਉਂਦਾ ਹੋਇਆ ਆਪਣੇ ਘਰ ਵੱਲ ਚੱਲ ਪਿਆ , ਇਸਤੋਂ ਪਹਿਲਾਂ ਉਸਨੇ ਦੋ ਨਾਕੇ ਤੋੜੇ ਸਨ , ਜਿਸਦੀ ਇਤਲਾਹ ਵਾਇਰਲੈੱਸ ਜ਼ਰੀਏ ਸਬੰਧਿਤ ਅਧਿਕਾਰੀਆਂ ਨੂੰ ਮਿਲ ਚੁੱਕੀ ਸੀ ।

https://www.ptcnews.tv/wp-content/uploads/2020/04/8722b287-6372-47a0-937c-8c3f3fa8def3.jpg

ਮਿਲੀ ਜਾਣਕਾਰੀ ਅਨੁਸਾਰ ਗਾਂਧੀ ਰੋਡ ‘ਤੇ ਸਥਿੱਤ ਸਮਸ਼ਾਨਘਾਟ ਨਜ਼ਦੀਕ ਸੜਕ ਬਣ ਰਹੀ ਸੀ , ਜਿਸ ਦੇ ਚਲਦੇ ਉਕਤ ਨੌਜਵਾਨ ਨੂੰ ਆਪਣੀ ਗੱਡੀ ਉੱਥੇ ਰੋਕਣੀ ਪਈ। ਇਸ ਦੌਰਾਨ ਪੁਲਿਸ ਕਰਮਚਾਰੀਆਂ ਵੱਲੋਂ ਉਸਦਾ ਪਿੱਛਾ ਕਰਦੇ ਹੋਏ ਗੌਨੀ ਨੂੰ ਉਸਦੇ ਘਰ ‘ਚੋਂ ਕਾਬੂ ਕਰ ਲਿਆ ਗਿਆ । ਫਿਲਹਾਲ ਪੁਲਿਸ ਇਸ ਮਾਮਲੇ ਬਾਰੇ ਪੁੱਛਗਿੱਛ ਕਰ ਰਹੀ ਹੈ , ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਇਸ ਸਬੰਧੀ ਕਾਰਵਾਈ ਕੀਤੇ ਜਾਣ ਦਾ ਅਨੁਮਾਨ ਹੈ ।

ਜਿਵੇਂ ਕਿ ਪੂਰੇ ਦੇਸ਼ ‘ਚ ਤਾਲਾਬੰਦੀ ਦੇ ਚਲਦੇ ਸਖ਼ਤੀ ਕੀਤੀ ਜਾ ਰਹੀ ਹੈ ਅਤੇ ਜਨਤਾ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਕੋਈ ਘਰ ਤੋਂ ਬਾਹਰ ਨਾ ਨਿਕਲੇ ਅਤੇ ਆਪਣੀ ਸਿਹਤ ਸੁਰੱਖਿਆ ਦਾ ਖਿਆਲ ਰੱਖੇ , ਉੱਥੇ ਅਜਿਹੇ ਮਾਮਲੇ ਸਾਹਮਣੇ ਆਉਣੇ ਇੱਕ ਚਿੰਤਾ ਦਾ ਵਿਸ਼ਾ ਹਨ , ਲੋਕਾਂ ਨੂੰ ਇਸ ਪ੍ਰਤੀ ਸਮਝਦਾਰੀ ਵਿਖਾਉਣੀ ਚਾਹੀਦੀ ਹੈ ।