Patti News : ਪੱਟੀ 'ਚ ਛੱਤ ਤੋਂ ਲੈਂਟਰ ਦਾ ਟੁੱਕੜਾ ਡਿੱਗਣ ਕਾਰਨ 14 ਦਿਨਾਂ ਦੇ ਮਾਸੂਮ ਬੱਚੇ ਦੀ ਹੋਈ ਮੌਤ , ਮਾਂ ਜ਼ਖਮੀ
Patti News : ਤਰਨ ਤਾਰਨ ਜ਼ਿਲ੍ਹੇ ਅਧੀਨ ਪੈਂਦੇ ਸ਼ਹਿਰ ਪੱਟੀ ਦੇ ਵਾਰਡ ਨੰਬਰ 11 ਵਿਖੇ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ। ਜਿਥੇ ਬੈੱਡ 'ਤੇ ਪਏ 14 ਦਿਨਾਂ ਦੇ ਮਾਸੂਮ ਬੱਚੇ ਅਤੇ ਉਸਦੀ ਮਾਂ ਉੱਪਰ ਛੱਤ ਦਾ ਲੈਂਟਰ ਟੁੱਟ ਕੇ ਡਿੱਗ ਗਿਆ ਹੈ। ਜਿਸ ਕਾਰਨ 14 ਦਿਨਾਂ ਦੇ ਬੱਚੇ ਦੀ ਮੌਤ ਹੋ ਗਈ ਹੈ ,ਜੜਕਿ ਮਾਂ ਜ਼ਖਮੀ ਹੋ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚਾ ਬੈੱਡ ’ਤੇ ਪਿਆ ਸੀ ਅਤੇ ਮਾਸੂਮ ਬੱਚੇ ਉਪਰ ਲੈਂਟਰ ਦਾ ਇੱਕ ਟੁਕੜਾ ਡਿੱਗ ਗਿਆ ਅਤੇ ਬੱਚੇ ਦੀ ਮੌਤ ਹੋ ਗਈ।
ਇਸ ਮੌਕੇ ਮ੍ਰਿਤਕ ਸੁਖਮਨ ਸਿੰਘ (14 ਦਿਨਾਂ) ਦੇ ਪਿਤਾ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਸੁਖਮਨ ਅਤੇ ਉਸ ਦੀ ਮਾਤਾ ਆਬੀਆ ਦੋਵੇਂ ਆਪਣੇ ਕਮਰੇ ਵਿਚ ਪਏ ਸਨ ਕਿ ਅਚਾਨਕ ਛੱਤ ਦਾ ਲੈਂਟਰ ਟੁੱਟ ਗਿਆ ਅਤੇ ਲੈਂਟਰ ਦਾ ਟੁੱਕੜਾ ਬੱਚੇ ਅਤੇ ਉਸ ਦੀ ਮਾਤਾ ਆਬੀਆ ਦੇ ਉਪਰ ਡਿੱਗ ਗਿਆ। ਦੋਵਾਂ ਮਾਂ-ਪੁੱਤ ਨੂੰ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ ਪਰ ਬੱਚੇ ਦੀ ਮੌਤ ਹੋ ਗਈ ਅਤੇ ਉਸ ਦੀ ਮਾਤਾ ਗੰਭੀਰ ਜ਼ਖਮੀ ਹੋ ਗਈ। ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਸ਼ਹਿਰ ਨਿਵਾਸੀ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।
ਇਸ ਤੋਂ ਇਲਾਵਾ ਫਾਜ਼ਿਲਕਾ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੂਰਾ ਪਰਿਵਾਰ ਕਮਰੇ ਵਿੱਚ ਸੌਂ ਰਿਹਾ ਸੀ। ਇਸ ਦੌਰਾਨ ਚਾਰ ਲੋਕ ਵਾਲ-ਵਾਲ ਬਚ ਗਏ ਪਰ ਇੱਕ ਅਪਾਹਜ ਨੌਜਵਾਨ ਮਲਬੇ ਹੇਠ ਦੱਬ ਗਿਆ। ਇਹ ਹਾਦਸਾ ਦੁਰਗਾ ਨਗਰੀ ਵਿੱਚ ਬੀਤੀ ਰਾਤ ਅਬੋਹਰ ਵਿੱਚ ਭਾਰੀ ਮੀਂਹ ਕਾਰਨ ਵਾਪਰਿਆ।
ਦੁਰਗਾ ਨਗਰੀ ਦੇ ਵਸਨੀਕ ਰਘੂਬੀਰ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਉਸਦੀ ਮਾਸੀ ਦਾ ਪਰਿਵਾਰ ਅਤੇ ਉਸਦਾ ਅਪਾਹਜ ਭਰਾ ਹੈਪੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਮਰੇ ਵਿੱਚ ਸੌਂ ਰਹੇ ਸਨ। ਭਾਰੀ ਮੀਂਹ ਕਾਰਨ ਕੁਝ ਦੇਰ ਬਾਅਦ ਕਮਰੇ ਵਿੱਚ ਮਲਬਾ ਡਿੱਗਣ ਦੀ ਆਵਾਜ਼ ਆਉਣ ਲੱਗੀ। ਇਸ 'ਤੇ ਕਮਰੇ ਵਿੱਚ ਮੌਜੂਦ ਸਾਰੇ ਲੋਕ ਬਾਹਰ ਆ ਗਏ।
ਹਾਲਾਂਕਿ, ਦਿਵਿਆਂਗ ਹੈਪੀ ਉੱਥੇ ਫਸ ਗਿਆ ਅਤੇ ਮਲਬਾ ਡਿੱਗਣ ਕਾਰਨ ਜ਼ਖਮੀ ਹੋ ਗਿਆ। ਪਰਿਵਾਰ ਦੇ ਹੋਰ ਮੈਂਬਰਾਂ ਨੇ ਤੁਰੰਤ ਉਸਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ। ਰਘੂਬੀਰ ਨੇ ਦੱਸਿਆ ਕਿ ਜਦੋਂ ਪਰਿਵਾਰ ਦੇ ਹੋਰ ਮੈਂਬਰ ਹੈਪੀ ਨੂੰ ਬਾਹਰ ਕੱਢ ਰਹੇ ਸਨ ਤਾਂ ਉਹ ਵੀ ਵਾਲ-ਵਾਲ ਬਚ ਗਿਆ।
ਇਸ ਤੋਂ ਇਲਾਵਾ ਤੀਜੀ ਘਟਨਾ ਮਾਨਸਾ 'ਚ ਵਾਪਰੀ ਹੈ। ਜਿੱਥੇ ਸਵੇਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ ਇੱਕ ਔਰਤ ਜ਼ਖਮੀ ਹੋ ਗਈ ਅਤੇ ਘਰ ਦਾ ਸਾਰਾ ਸਾਮਾਨ ਮਲਬੇ ਹੇਠ ਦੱਬ ਗਿਆ। ਇਹ ਘਟਨਾ ਪਿੰਡ ਕਲੀਪੁਰ ਵਿੱਚ ਵਾਪਰੀ। ਇਹ ਘਟਨਾ ਅੱਜ ਸਵੇਰੇ 5:00 ਵਜੇ ਦੇ ਕਰੀਬ ਵਾਪਰੀ, ਜਦੋਂ ਭਾਰੀ ਬਾਰਿਸ਼ ਕਾਰਨ ਘਰ ਦੀ ਛੱਤ ਅਚਾਨਕ ਡਿੱਗ ਗਈ।
- PTC NEWS