ਗੈਂਗਸਟਰ ਗੋਲਡੀ ਬਰਾੜ ਬਣਕੇ 1 ਲੱਖ ਦੀ ਫਿਰੌਤੀ ਮੰਗਣ ਵਾਲੇ 2 ਲੋਕ ਕਾਬੂ
ਫਰੀਦਕੋਟ: ਸਥਾਨਕ ਪੁਰੀ ਕਲੌਨੀ ਨਿਵਾਸੀ ਇੱਕ ਦੁਕਾਨਦਾਰ ਤੋਂ ਗੈਂਗਸਟਰ ਗੋਲਡੀ ਬਰਾੜ ਬਣ ਕੇ ਫੋਨ ’ਤੇ ਇੱਕ ਲੱਖ ਦੀ ਫਿਰੌਤੀ ਮੰਗਣ ਵਾਲੇ ਦੋ ਮੁਲਜ਼ਮਾਂ ਨੂੰ ਸਥਾਨਕ ਥਾਣਾ ਸਿਟੀ ਪੁਲਿਸ ਪਾਰਟੀ ਵੱਲੋਂ ਸ਼ਿਕਾਇਤ ਕਰਤਾ ਦੀ ਸ਼ਨਾਖਤ ’ਤੇ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ 2 ਮੋਬਾਇਲ ਅਤੇ ਨਗਦੀ ਬਰਾਮਦ ਕਰਕੇ ਅਗਲੀ ਕਾਰਵਾਈ ਜਾਰੀ ਹੈ।
ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਜੋ ਸਥਾਨਕ ਸਾਦਿਕ ਚੌਂਕ ਵਿਖੇ ਕਰਿਆਨੇ ਦੀ ਦੁਕਾਨ ਕਰਦਾ, ਨੇ ਥਾਣਾ ਸਿਟੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਬੀਤੀ ਸ਼ਾਮ ਨੂੰ ਉਸਦੇ ਮੋਬਾਇਲ ਨੰਬਰ ’ਤੇ ਦੋ ਵੱਖ-ਵੱਖ ਮੋਬਾਇਲ ਨੰਬਰਾਂ ਤੋਂ ਫੋਨ ਆਇਆ। ਜਿਸ ਵਿੱਚ ਫੋਨ ਕਰਨ ਵਾਲੇ ਨੇ ਕਿਹਾ ਕਿ ‘ਮੈਂ ਗੋਲਡੀ ਬਰਾੜ ਕਨੇਡਾ ਤੋਂ ਬੋਲ ਰਿਹਾ ਹਾਂ ਅਤੇ ਮੈਨੂੰ ਤੇਰੇ ਪਰਿਵਾਰ ਬਾਰੇ ਸਾਰੀ ਜਾਣਕਾਰੀ ਹੈ, ਇਸ ਲਈ ਤੂੰ ਇੱਕ ਲੱਖ ਰੁਪਏ ਸਾਨੂੰ ਦੇਵੇ ਅਤੇ ਜੇਕਰ ਇਹ ਰਕਮ ਨਾ ਦਿੱਤੀ ਤਾਂ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦੇਵਾਂਗੇ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਇਸ ਫੋਨ ਤੋਂ ਬਾਅਦ ਉਸਦੇ ਮੋਬਾਇਲ ਫੋਨ ’ਤੇ ਫਿਰ ਫੋਨ ਆਇਆ ਜਿਸ ਵਿੱਚ ਇਹਨਾਂ 50 ਹਜਾਰ ਰੁਪਏ ਦੀ ਮੰਗ ਕਰਕੇ 20 ਹਜਾਰ ਰੁਪਏ ਤੁਰੰਤ ਮੰਗੇ ਅਤੇ ਬਾਕੀ 30 ਹਜਾਰ ਰੁਪਏ ਕਿਸੇ ਆਦਮੀ ਵੱਲੋਂ ਆਕੇ ਲਿਜਾਣ ਦੀ ਗੱਲ ਆਖੀ।
ਜਿਸ ’ਤੇ ਉਸਨੇ ਜਦ ਆਪਣੇ ਇੱਕ ਨਜ਼ਦੀਕੀ ਨਾਲ ਇਹ ਗੱਲ ਸਾਂਝੀ ਕੀਤੀ ਤਾਂ ਫਿਰੌਤੀ ਮੰਗਣ ਵਾਲਿਆਂ ਦੇ ਬਾਰ-ਬਾਰ ਫੋਨ ਆਉਣ ’ਤੇ ਇਹਨਾਂ ਦੀ ਆਵਾਜ਼ ਤੋਂ ਪਛਾਣ ਹੋਈ ਕਿ ਇਹ ਫੋਨ ਗੁਰਵਿੰਦਰ ਸਿੰਘ ਬੌਬੀ ਪੁੱਤਰ ਲਾਲ ਸਿੰਘ ਅਤੇ ਹਰਪ੍ਰੀਤ ਸਿੰਘ ਗੋਲਡੀ ਪੁੱਤਰ ਜਸਵਿੰਦਰ ਸਿੰਘ ਵਾਸੀ ਗਲੀ ਨੰਬਰ 2 ਜਰਮਨ ਕਲੌਨੀ, ਫ਼ਰੀਦਕੋਟ ਵੱਲੋਂ ਕੀਤੇ ਜਾ ਰਹੇ ਹਨ।
ਇਸ ਸ਼ਿਕਾਇਤ ’ਤੇ ਥਾਣਾ ਸਿਟੀ ਵਿਖੇ ਉਕਤ ਦੋਨਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵੱਲੋਂ ਉਕਤ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ 5 ਹਜ਼ਾਰ ਨਗਦੀ ਅਤੇ 2 ਮੋਬਾਇਲ ਬਰਾਮਦ ਕਰਕੇ ਅਗਲੀ ਕਾਰਵਾਈ ਜਾਰੀ ਹੈ।
- PTC NEWS