Patiala News : ਪਟਿਆਲਾ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ 5 ਸ਼ੂਟਰ ਗ੍ਰਿਫ਼ਤਾਰ, ਮੈਗਜ਼ੀਨ -ਕਾਰਤੂਸਾਂ ਸਮੇਤ 7 ਗੈਰ-ਕਾਨੂੰਨੀ ਹਥਿਆਰ ਬਰਾਮਦ
Patiala News : ਪਟਿਆਲਾ ਪੁਲਿਸ ਨੇ ਕਾਰਵਾਈ ਕਰਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 7 ਗੈਰ-ਕਾਨੂੰਨੀ ਹਥਿਆਰ, ਜਿਨ੍ਹਾਂ ਵਿੱਚ ਤਿੰਨ ਪਿਸਤਲ 30 ਬੋਰ ,ਤਿੰਨ ਪਿਸਟਲ 32 ਬੋਰ ਅਤੇ ਇੱਕ ਦੇਸੀ ਕੱਟਾ , 10 ਮੈਗਜ਼ੀਨ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਗ੍ਰਿਫ਼ਤਾਰੀ ਸਦਰ ਪੁਲਿਸ ਸਟੇਸ਼ਨ ਪਟਿਆਲਾ ਦੀ ਟੀਮ ਨੇ ਸੂਚਨਾ ਦੇ ਆਧਾਰ 'ਤੇ ਕੀਤੀ ਹੈ।
ਪੁਲਿਸ ਅਨੁਸਾਰ ਇਹ ਸਾਰੇ ਮੁਲਜ਼ਮ ਪੇਸ਼ੇਵਰ ਅਪਰਾਧੀ ਹਨ ,ਜੋ ਟਾਰਗੇਟ ਕਿਲਿੰਗ ਵਰਗੇ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਭਿੰਦਾ ਕਤਲ ਕੇਸ ਦੇ ਇੱਕ ਮਹੱਤਵਪੂਰਨ ਗਵਾਹ 'ਤੇ ਹਮਲਾ ਕੀਤਾ ਸੀ। ਇਹ ਹਮਲਾ ਜੇਲ੍ਹ ਵਿੱਚ ਬੰਦ ਇੱਕ ਗੈਂਗਸਟਰ ਦੇ ਇਸ਼ਾਰੇ 'ਤੇ ਕੀਤਾ ਗਿਆ ਸੀ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਸ ਗਿਰੋਹ ਨੂੰ ਜੇਲ੍ਹ ਦੇ ਅੰਦਰੋਂ ਚਲਾਇਆ ਜਾ ਰਿਹਾ ਸੀ।
ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਨੂੰ ਦੱਸਿਆ ਕਿ 7 ਨਜਾਇਜ਼ ਅਸਲੇ ,10 ਮੈਗਜ਼ੀਨ ਅਤੇ 11 ਜ਼ਿੰਦਾ ਕਾਰਤੂਸ ਸਮੇਤ 5 ਸ਼ੂਟਰਾਂ ਨੂੰ ਕਾਬੂ ਕਰਕੇ ਅਤੇ ਨਜਾਇਜ਼ ਅਸਲਿਆਂ ਨੂੰ ਬਰਾਮਦ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸਐਸਪੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੰਜ ਗੁਰਗੇ ਲਾਰੈਂਸ ਬਿਸ਼ਨੋਈ ਗੈਂਗ ਲਈ ਕੰਮ ਕਰਦੇ ਸਨ ,ਜਿਨਾਂ ਵਿੱਚ ਤਜਿੰਦਰ ਸਿੰਘ ਉਰਫ ਫੌਜੀ ਜੋ ਕਿ ਪਿੰਡ ਦੋਨ ਕਲਾਂ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹੈ ,ਜਿਸ 'ਤੇ 8 ਮੁਕੱਦਮੇ ਦਰਜ ਹਨ।
ਦੂਜਾ ਰਾਹੁਲ ਉਰਫ ਕੱਦੂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਹਾਲ ਹੀ ਵਿੱਚ ਨੇੜੇ ਬਾਬਾ ਭਾਵਤ ਰੋਡ ਜਨਰਲ ਇਨਕਲੇਵ ਮੋਹਾਲੀ ਜ਼ੀਰਕਪੁਰ ਰਹਿੰਦਾ ਹੈ , ਜਿਸ 'ਤੇ 2 ਮੁਕੱਦਮੇ ਦਰਜ ਹਨ। ਇਸ ਦੇ ਇਲਾਵਾ ਵਿਪਲ ਕੁਮਾਰ ਉਰਫ ਬਿੱਟੂ ਜੋ ਕਿ ਪਿੰਡ ਰਾਮ ਨਗਰ ਜ਼ਿਲ੍ਹਾ ਮੇਰਠ ਯੂਪੀ ਦਾ ਰਹਿਣ ਵਾਲਾ ਹੈ ,ਜਿਸ 'ਤੇ ਅੰਡਰ ਸੈਕਸ਼ਨ 307 ਦਾ ਮੁਕੱਦਮਾ ਦਰਜ ਹੈ।
ਸੁਖਚੈਨ ਸਿੰਘ ਉਰਫ ਸੁਖੀ ਪਿੰਡ ਸਿਆਲੂ ਥਾਣਾ ਘਨੌਰ ਇਸ ਖਿਲਾਫ਼ ਪਹਿਲਾ ਕੋਈ ਵੀ ਮੁਕੱਦਮਾ ਦਰਜ ਨਹੀ ਹੈ। ਦੇਵ ਕਰਨ ਪਿੰਡ ਕਲਿਆਣਪੁਰ ਜ਼ਿਲ੍ਹਾ ਮੇਰਠ ਯੂਪੀ ਇਸ ਖਿਲਾਫ ਵੀ ਪਹਿਲਾ ਕੋਈ ਮੁਕੱਦਮਾ ਦਰਜ ਨਹੀਂ ਹੈ ,ਜੋ ਕਿ ਹੁਣ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਬਣ ਕੇ ਕੰਮ ਕਰਦੇ ਸਨ। ਪਟਿਆਲਾ ਪੁਲਿਸ ਨੇ ਇਹ ਵੱਡਾ ਨੈਟਵਰਕ ਤੋੜ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
- PTC NEWS