Ajnala : ਵੱਟ ਦੇ ਰੌਲੇ ਨੂੰ ਲੈ ਕੇ ਦੋ ਧਿਰਾਂ 'ਚ ਚੱਲੀਆਂ ਗੋਲੀਆਂ, ਇੱਕ ਵਿਅਕਤੀ ਦੀ ਮੌਤ
Ajnala Firing over Land Dispute : ਅਜਨਾਲਾ ਦੇ ਪਿੰਡ ਸੱਲੋਦੀਨ ਵਿਖੇ ਸਵੇਰੇ ਜ਼ਮੀਨੀ ਵਿਵਾਦ ਇਸ ਕਦਰ ਵੱਧ ਗਿਆ ਕਿ ਵੱਟ ਦੇ ਰੌਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਗੋਲੀ ਚੱਲਣ ਦੀ ਖ਼ਬਰ ਹੈ। ਗੋਲੀਬਾਰੀ ਦੌਰਾਨ ਇੱਕ ਵਿਅਕਤੀ ਜਰਨੈਲ ਸਿੰਘ ਦੀ ਮੌਤ ਹੋ ਗਈ ਹੈ, ਉਥੇ ਹੀ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਗੁਆਂਢੀਆਂ ਨਾਲ ਸੀ ਵੱਟ ਦਾ ਰੌਲਾ
ਘਟਨਾ ਬਾਰੇ ਮ੍ਰਿਤਕ ਜਰਨੈਲ ਸਿੰਘ ਦੇ ਪੁੱਤਰ ਗਿਆਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਗੁਆਂਢ ਦੇ ਵਿਅਕਤੀਆਂ ਨਾਲ ਜ਼ਮੀਨ ਵਿੱਚ ਵੱਟ ਦਾ ਰੌਲਾ ਸੀ, ਜੋ ਕਿ ਪਿੰਡ ਦੇ ਮੋਹਤਬਰਾਂ ਵਿੱਚ ਬੈਠ ਕੇ ਵੀ ਸੁਲਝਾਇਆ ਗਿਆ ਸੀ, ਜਿਸ ਤੋਂ ਬਾਅਦ ਅੱਜ ਸਵੇਰੇ ਫਿਰ ਉਹ ਉਹਨਾਂ ਦੀ ਜਮੀਨ ਵਿੱਚ ਦਾਖਲ ਹੋ ਕੇ ਉਸ ਵੱਟ ਨੂੰ ਵਾਉਣ ਲੱਗ ਪਏ ਤੇ ਜਿਸ ਨੂੰ ਲੈ ਕੇ ਝਗੜਾ ਹੋ ਗਿਆ। ਉਪਰੰਤ ਵੇਖਦੇ ਹੀ ਵੇਖਦੇ ਉਨ੍ਹਾਂ ਨੇ ਸਾਡੇ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਸ ਦੇ ਪਿਤਾ ਜਰਨੈਲ ਸਿੰਘ ਨੂੰ ਗੋਲੀਆਂ ਲੱਗ ਗਈਆਂ।
ਗਿਆਨ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਤੁਰੰਤ ਖੂਨ ਨਾਲ ਲੱਥਪਥ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਨ੍ਹਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕਰਦਿਆਂ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸਖਤ ਕਾਰਵਾਈ ਕਰਨ ਲਈ ਕਿਹਾ ਹੈ।
ਉਧਰ, ਇਸ ਮੌਕੇ ਗੱਲਬਾਤ ਕਰਦੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਵੱਟ ਦੇ ਝਗੜੇ ਨੂੰ ਲੈ ਕੇ ਜਰਨੈਲ ਸਿੰਘ ਨੂੰ ਗੋਲੀਆਂ ਲੱਗੀਆਂ ਹਨ, ਜਿਸ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
- PTC NEWS