Amritsar News : ਦਲ ਖ਼ਾਲਸਾ ਦਾ ਇੰਸਟਾਗ੍ਰਾਮ ਅਕਾਊਂਟ ‘ਦਲ ਖਾਲਸਾ ਆਫ਼ਿਸ਼ੀਅਲ’ ਭਾਰਤ ’ਚ ਹੋਇਆ ਬੰਦ
Amritsar News : ਸਿੱਖ ਜਥੇਬੰਦੀ ਦਲ ਖਾਲਸਾ ਦਾ ਇੰਸਟਾਗਰਾਮ ਅਕਾਊਂਟ ‘ਦਲ ਖ਼ਾਲਸਾ ਆਫ਼ਿਸ਼ੀਅਲ’ ਭਾਰਤ ਸਰਕਾਰ ਵਲੋਂ ਬੰਦ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਇਹ ਇੰਸਟਾਗ੍ਰਾਮ ਅਕਾਊਂਟ ਅੱਜ ਬੰਦ ਕੀਤਾ ਗਿਆ। ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਅਨੁਸਾਰ ਦਲ ਖ਼ਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਦੁਨੀਆਂ ਸਾਹਮਣੇ ਇਹ ਝੂਠ ਬੋਲ ਰਿਹਾ ਹੈ ਕਿ ਪੰਜਾਬ 'ਚ ਖ਼ਾਲਿਸਤਾਨ ਦੀ ਲਹਿਰ ਨਹੀਂ ਹੈ। ਪੰਜਾਬ ਵਿੱਚ ਖ਼ਾਲਿਸਤਾਨ ਦੀ ਮਜ਼ਬੂਤ ਲਹਿਰ ਨੂੰ ਇਸ ਅਕਾਊਂਟ ਰਾਹੀਂ ਦੁਨੀਆ ਨੂੰ ਦਿਖਾਇਆ ਜਾ ਰਿਹਾ ਸੀ ਅਤੇ ਭਾਰਤ ਵਲੋਂ ਸਿਰਜੇ ਖ਼ਾਲਿਸਤਾਨ ਵਿਰੋਧੀ ਵਿਰਤਾਂਤ ਨੂੰ “ਪਿੰਡ ਪਿੰਡ ਸ਼ਹਿਰ ਸ਼ਹਿਰ ਖ਼ਾਲਿਸਤਾਨ ਲਹਿਰ” ਰਾਹੀ ਤੋੜਿਆ ਜਾ ਰਿਹਾ ਹੈ, ਜਿਸ ਨੂੰ ਇਸ ਅਕਾਊਂਟ ਰਾਹੀਂ ਪੰਜਾਬ ਦੇ ਬਾਕੀ ਦੁਨੀਆ ਦੇ ਲੋਕਾਂ ਨਾਲ ਵੀ ਸਾਂਝਾ ਕੀਤਾ ਜਾ ਰਿਹਾ ਸੀ।
ਇੱਕ ਮਹੀਨਾ ਪਹਿਲਾਂ ਬਣੇ ਇਸ ਅਕਾਊਂਟ ਨੇ ਆਪਣੀ ਰੀਚ ਤਕਰੀਬਨ ਇੱਕ ਮਿਲੀਅਨ ਬਣਾ ਲਈ ਸੀ ,ਜਿਸ ਤੋਂ ਸਾਫ਼ ਹੁੰਦਾ ਸੀ ਕਿ ਲੋਕ ਖ਼ਾਲਿਸਤਾਨ ਲਹਿਰ ਨੂੰ ਵੇਖ ,ਸੁਣ ਅਤੇ ਸਮਝ ਰਹੇ ਸਨ। ਬੌਖ਼ਲਾਹਟ ਵਿੱਚ ਆਈ ਭਾਰਤ ਸਰਕਾਰ ਨੇ ਇਸ ਕੰਪੇਨ ਦੀ ਵੱਧ ਰਹੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਇਹ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ।
- PTC NEWS