Amritsar News : ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਨਕਲੀ ਦੇਸੀ ਘਿਉ ਬਣਾਉਣ ਵਾਲੀ ਫੈਕਟਰੀ 'ਤੇ ਛਾਪੇਮਾਰੀ, ਇੱਕ ਕਾਰੀਗਰ ਕਾਬੂ, ਮਾਲਕ ਫਰਾਰ
Amritsar News : ਸਿਹਤ ਵਿਭਾਗ ਫੂਡ ਸੇਫਟੀ ਅਤੇ ਪੁਲਿਸ ਥਾਣਾ ਚਾਟੀਵਿੰਡ ਨੇ ਅੱਜ ਅੰਮ੍ਰਿਤਸਰ-ਤਰਨਤਾਰਨ ਰੋਡ ਉਤੇ ਸਥਿਤ ਪਿੰਡ ਗਿੱਲਵਾਲੀ ਸਥਿਤ ਇਕ ਨਕਲੀ ਦੇਸੀ ਘਿਉ ਬਣਾਉਣ ਵਾਲੀ ਫੈਕਟਰੀ 'ਤੇ ਛਾਪਾ ਮਾਰਿਆ, ਜਿਸ ਵਿਚੋਂ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਦੇਸੀ ਘਿਓ ਬਰਾਮਦ ਕੀਤਾ ਗਿਆ ਹੈ। ਇਹ ਫੈਕਟਰੀ "ਜੀਕੇ ਫੂਡ" ਨਾਂਅ ਹੇਠ ਚਲ ਰਹੀ ਸੀ, ਜਿੱਥੇ ਵਨਸਪਤੀ ਅਤੇ ਰਿਫਾਇੰਡ ਤੇ ਕੈਮੀਕਲ ਮਿਲਾ ਕੇ ਨਕਲੀ ਦੇਸੀ ਘਿਉ ਤਿਆਰ ਕੀਤਾ ਜਾ ਰਿਹਾ ਸੀ। ਪੁਲਿਸ ਵਲੋਂ ਮੌਕੇ ਉਤੇ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਪੰਕਜ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।
ਪੁਲਿਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਪੰਕਜ ਨੇ ਦੱਸਿਆ ਕਿ ਇਹ ਫੈਕਟਰੀ ਕਰੀਬ ਪਿਛਲੇ 5 ਸਾਲਾਂ ਤੋਂ ਨਕਲੀ ਦੇਸੀ ਘਿਓ ਤਿਆਰ ਕਰਕੇ ਵੱਖ-ਵੱਖ ਧਾਰਮਿਕ ਅਸਥਾਨਾਂ ਅਤੇ ਦੁਕਾਨਾਂ ਨੂੰ ਸਪਲਾਈ ਕਰਦੀ ਸੀ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਿਉ ਗੁਰਦੁਆਰਾ ਸਾਹਿਬ ਦੇ ਨੇੜੇ ਅਤੇ ਸ੍ਰੀ ਦਰਬਾਰ ਸਾਹਿਬ ਜਿਹੇ ਪਵਿੱਤਰ ਥਾਵਾਂ 'ਤੇ ਵੀ ਖੁੱਲ੍ਹੇ ਆਮ ਵੇਚਿਆ ਜਾ ਰਿਹਾ ਸੀ, ਜੋ ਕਿ ਨਾ ਸਿਰਫ ਸਿਹਤ ਨਾਲ ਖਿਲਵਾੜ ਹੈ ਸਗੋਂ ਧਾਰਮਿਕ ਆਸਥਾ ਨੂੰ ਵੀ ਠੇਸ ਪਹੁੰਚਾਉਂਦਾ ਹੈ।
ਪੁਲਿਸ ਅਧਿਕਾਰੀ ਹਰਸਿਮਰਪ੍ਰੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ "ਅਸੀਂ ਕਾਫੀ ਸਮੇਂ ਤੋਂ ਇਸ ਫੈਕਟਰੀ 'ਤੇ ਨਜ਼ਰ ਰਖੀ ਹੋਈ ਸੀ। ਅੱਜ ਸਿਹਤ ਵਿਭਾਗ ਨਾਲ ਮਿਲ ਕੇ ਰੇਡ ਕਰਕੇ ਇੱਥੋਂ ਵੱਡੀ ਮਾਤਰਾ ਵਿੱਚ ਨਕਲੀ ਘਿਉ ਬਰਾਮਦ ਕੀਤਾ ਗਿਆ। ਇਕ ਕਾਰੀਗਰ ਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਫੈਕਟਰੀ ਦਾ ਮਾਲਕ ਵਿਕਰਮਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਫੈਕਟਰੀ ਨੂੰ ਸਬੰਧਿਤ ਅਧਿਕਾਰੀਆਂ ਦੀ ਹਾਜ਼ਰੀ ਵਿਚ ਸੀਲ ਕਰ ਦਿੱਤਾ ਗਿਆ ਹੈ ਅਤੇ ਮਾਲਕ ਦੀ ਗ੍ਰਿਫਤਾਰੀ ਲਈ ਪੁਲਿਸ ਵਲੋਂ ਕਰਵਾਈ ਜਾਰੀ ਹੈ।
ਇਸ ਮੌਕੇ ਥਾਣਾ ਚਾਟੀਵਿੰਡ ਦੀ ਮੁਖੀ ਹਰਸਿਮਰਨ ਕੌਰ ਨੇ ਕਿਹਾ ਕਿ ਇਸ ਫੈਕਟਰੀ ਵਿਚੋਂ ਕਾਬੂ ਕੀਤੇ ਗਏ ਨੌਜਵਾਨ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਬਾਕੀ ਮੌਕੇ ਤੋਂ ਫਰਾਰ ਹੋਏ ਨੌਜਵਾਨਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ। ਸਿਹਤ ਵਿਭਾਗ ਵੱਲੋਂ ਸਾਫ਼ ਕੀਤਾ ਗਿਆ ਕਿ ਭਵਿੱਖ ਵਿੱਚ ਕਿਸੇ ਨੂੰ ਵੀ ਲੋਕਾਂ ਦੀ ਸਿਹਤ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
- PTC NEWS