Amritsar ਪੁਲਿਸ ਦੀ ਵੱਡੀ ਕਾਮਯਾਬੀ, ਸਰਹੱਦ ਪਾਰੋਂ ਨਸ਼ਾ-ਹਥਿਆਰ ਤਸਕਰੀ ਮੋਡੀਊਲ ਦਾ ਪਰਦਾਫਾਸ਼
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਨਸ਼ਾ ਅਤੇ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਤਿੰਨ ਆਰੋਪੀ ਗ੍ਰਿਫਤਾਰ ਕੀਤੇ ਹਨ ਅਤੇ ਉਨ੍ਹਾਂ ਕੋਲੋਂ 915 ਗ੍ਰਾਮ ਆਈਸ (ਮੇਥਾਮਫੈਟਾਮੀਨ), 5 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਕਾਰਵਾਈ ਸੀਐਮ ਦੀ ਜੀਰੋ ਟੋਲਰੈਂਸ ਨੀਤੀ ਤਹਿਤ ਆਰਗਨਾਈਜ਼ਡ ਕਰਾਈਮ ਅਤੇ ਗੈਂਗਸਟਰਾਂ ਖਿਲਾਫ਼ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ।
ਗ੍ਰਿਫਤਾਰ ਕੀਤੇ ਗਏ ਆਰੋਪੀ ਫਿਰੋਜ਼ਪੁਰ ਸੈਕਟਰ ਦੇ ਸਰਹੱਦੀ ਇਲਾਕਿਆਂ ਵਿੱਚ ਸਰਗਰਮ ਸਨ ਅਤੇ ਪਾਕਿਸਤਾਨ ਅਧਾਰਿਤ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ। ਇਹ ਸਥਾਨਕ ਪੱਧਰ ‘ਤੇ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਲਈ ਹੈਂਡਲਰ ਵਜੋਂ ਕੰਮ ਕਰ ਰਹੇ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਸਮੱਗਰੀ ਡਰੋਨ ਰਾਹੀਂ ਭਾਰਤ ਵਿੱਚ ਭੇਜੀ ਜਾਂਦੀ ਸੀ, ਜਿਸਨੂੰ ਸਰਹੱਦੀ ਜੰਗਲਾਤ ਅਤੇ ਸੰਘਣੀ ਵੈਜੀਟੇਸ਼ਨ ਵਾਲੇ ਇਲਾਕਿਆਂ ਦਾ ਫਾਇਦਾ ਚੁੱਕ ਕੇ ਆਰੋਪੀ ਉਠਾ ਲੈਂਦੇ ਸਨ। ਗ੍ਰਿਫਤਾਰ ਆਰੋਪੀ ਇਕੋ ਪਿੰਡ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਉਮਰ 21 ਤੋਂ 29 ਸਾਲ ਦਰਮਿਆਨ ਹੈ। ਪੁਲਿਸ ਮੁਤਾਬਕ ਬਰਾਮਦ ਕੀਤੀ ਗਈ ਆਈਸ ਕਮਰਸ਼ੀਅਲ ਮਾਤਰਾ ਤੋਂ ਕਾਫੀ ਵੱਧ ਹੈ।
ਜਾਣਕਾਰੀ ਅਨੁਸਾਰ 250 ਗ੍ਰਾਮ ਤੋਂ ਵੱਧ ਆਈਸ ਨੂੰ ਕਮਰਸ਼ੀਅਲ ਕੁਆਂਟਿਟੀ ਮੰਨਿਆ ਜਾਂਦਾ ਹੈ, ਜਦਕਿ ਇੱਥੇ ਲਗਭਗ ਇੱਕ ਕਿਲੋ ਦੇ ਨੇੜੇ ਨਸ਼ਾ ਬਰਾਮਦ ਹੋਇਆ ਹੈ, ਜੋ ਕਿ ਕਈ ਗੁਣਾ ਵੱਡੀ ਮਾਤਰਾ ਹੈ। ਇਹ ਨਸ਼ਾ ਲੈਬ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਹੈਰੋਇਨ ਦਾ ਵਿਕਲਪ ਮੰਨਿਆ ਜਾਂਦਾ ਹੈ। ਇਸ ਸਾਰੇ ਆਪਰੇਸ਼ਨ ਨੂੰ ਇੰਟੈਲੀਜੈਂਸ ਬੇਸਡ ਕਾਰਵਾਈ ਦੱਸਿਆ ਗਿਆ ਹੈ, ਜਿਸ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਅਤੇ ਹੋਰ ਅਧਿਕਾਰੀਆਂ ਦੀ ਅਗਵਾਈ ਵਿੱਚ ਟੀਮ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਪੁਲਿਸ ਦਾ ਮੰਨਣਾ ਹੈ ਕਿ ਇਸ ਕਾਰਵਾਈ ਨਾਲ ਵੱਡੀ ਡਰੱਗ ਸਪਲਾਈ ਚੇਨ ਨੂੰ ਤੋੜਨ ਵਿੱਚ ਮਦਦ ਮਿਲੇਗੀ।
ਇਸ ਦੇ ਨਾਲ ਹੀ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਖਾਲਿਸਤਾਨ ਨੇਸ਼ਨ ਪੋਸਟ ਵੱਲੋਂ ਬੰਬ ਧਮਾਕੇ ਦੀ ਈਮੇਲ ਧਮਕੀ ਦੇ ਮਾਮਲੇ ਵਿੱਚ ਵੀ ਪੁਲਿਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਵੀ ਕਾਫੀ ਪ੍ਰਗਤੀ ਹੋ ਚੁੱਕੀ ਹੈ ਅਤੇ ਜਲਦ ਹੀ ਤੱਥ ਸਾਂਝੇ ਕੀਤੇ ਜਾਣਗੇ। ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਸੁਰੱਖਿਆ ਪੂਰੀ ਤਰ੍ਹਾਂ ਯਕੀਨੀ ਬਣਾਈ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਹੈ। ਜਾਂਚ ਜਾਰੀ ਹੈ ਅਤੇ ਆਗਾਮੀ ਦਿਨਾਂ ਵਿੱਚ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।
- PTC NEWS