Fri, Apr 24, 2026
Whatsapp

ਸ੍ਰੀ ਕੀਰਤਪੁਰ ਸਾਹਿਬ ਦੀ ਚੌਥੀ ਸ਼ਤਾਬਦੀ ਦੇ ਇਤਿਹਾਸਕ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ; ਸੰਗਤ ਨੂੰ ਹਾਜ਼ਰੀ ਭਰਨ ਦੀ ਅਪੀਲ

ਇਸ ਮੌਕੇ ਬਾਬਾ ਜੀ ਨੇ ਸਮੂਹ ਨਾਨਕ-ਲੇਵਾ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਚਾਰ ਸਦੀਆਂ ਦਾ ਸਫ਼ਰ ਕੇਵਲ ਸਮੇਂ ਦੀ ਗਤੀ ਨਹੀਂ, ਸਗੋਂ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼, ਤਿਆਗ ਅਤੇ ਸਿੱਖੀ ਸਿਦਕ ਦੀ ਪ੍ਰਤੱਖ ਮਿਸਾਲ ਹੈ।

Reported by:  PTC News Desk  Edited by:  Aarti -- April 24th 2026 10:55 AM
ਸ੍ਰੀ ਕੀਰਤਪੁਰ ਸਾਹਿਬ ਦੀ ਚੌਥੀ ਸ਼ਤਾਬਦੀ ਦੇ ਇਤਿਹਾਸਕ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ; ਸੰਗਤ ਨੂੰ ਹਾਜ਼ਰੀ ਭਰਨ ਦੀ ਅਪੀਲ

ਸ੍ਰੀ ਕੀਰਤਪੁਰ ਸਾਹਿਬ ਦੀ ਚੌਥੀ ਸ਼ਤਾਬਦੀ ਦੇ ਇਤਿਹਾਸਕ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ; ਸੰਗਤ ਨੂੰ ਹਾਜ਼ਰੀ ਭਰਨ ਦੀ ਅਪੀਲ

ਮੀਰੀ-ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਅਤੇ ਸਿੱਖੀ ਦੇ ਅਧਿਆਤਮਿਕ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਦੀ 400 ਸਾਲਾ ਸਥਾਪਨਾ ਸ਼ਤਾਬਦੀ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਸੀਸ ਮਹਿਲ ਸਾਹਿਬ ਵਿਖੇ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮਾਂ ਦੀ ਰੂਪ-ਰੇਖਾ ਅੱਜ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਵੱਲੋਂ ਜਾਰੀ ਕੀਤੀ ਗਈ।

ਇਸ ਮੌਕੇ ਬਾਬਾ ਜੀ ਨੇ ਸਮੂਹ ਨਾਨਕ-ਲੇਵਾ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਚਾਰ ਸਦੀਆਂ ਦਾ ਸਫ਼ਰ ਕੇਵਲ ਸਮੇਂ ਦੀ ਗਤੀ ਨਹੀਂ, ਸਗੋਂ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼, ਤਿਆਗ ਅਤੇ ਸਿੱਖੀ ਸਿਦਕ ਦੀ ਪ੍ਰਤੱਖ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਦਾ ਕਣ-ਕਣ ਇਤਿਹਾਸਕ ਘਟਨਾਵਾਂ ਦਾ ਗਵਾਹ ਹੈ ਅਤੇ ਅੱਜ ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਅਮੀਰ ਵਿਰਾਸਤ ਦੇ ਇਸ ਮਹਾਨ ਪੁਰਬ ਨੂੰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈਏ।


ਉਨ੍ਹਾਂ ਦੱਸਿਆ ਕਿ 29 ਅਪ੍ਰੈਲ 2026  ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭਤਾ ਨਾਲ ਸਮਾਗਮਾਂ ਦਾ ਆਗਾਜ਼ ਹੋਵੇਗਾ। ਇਸੇ ਦਿਨ ਦੁਪਹਿਰ 12:00 ਵਜੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਲੇ ਅਭਿਲਾਖੀਆਂ ਨੂੰ ਕਕਾਰ ਭੇਟਾ ਰਹਿਤ ਪ੍ਰਦਾਨ ਕੀਤੇ ਜਾਣਗੇ। 29 ਅਪ੍ਰੈਲ ਦੀ ਰਾਤ ਨੂੰ 8:00 ਵਜੇ ਤੋਂ ਰੈਣ ਸਬਾਈ ਕੀਰਤਨ ਦਾ ਪ੍ਰਵਾਹ ਚੱਲੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਸੰਗਤ ਨੂੰ ਇਲਾਹੀ ਬਾਣੀ ਦੇ ਰਸ-ਭਿੰਨੇ ਕੀਰਤਨ ਨਾਲ ਨਿਹਾਲ ਕਰਨਗੇ।

 ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਦੱਸਿਆ ਕਿ 30 ਅਪ੍ਰੈਲ ਨੂੰ ਸਵੇਰੇ 10:00 ਵਜੇ ਤੋਂ ਸਜਾਏ ਜਾਣ ਵਾਲੇ ਦੀਵਾਨਾਂ ਵਿੱਚ ਉੱਚ-ਕੋਟੀ ਦੇ ਵਿਦਵਾਨ ਅਤੇ ਢਾਡੀ ਜਥੇ ਸ੍ਰੀ ਕੀਰਤਪੁਰ ਸਾਹਿਬ ਦੇ ਗੌਰਵਮਈ ਇਤਿਹਾਸ 'ਤੇ ਚਾਨਣਾ ਪਾਉਣਗੇ। 1 ਮਈ 2026 ਨੂੰ ਸਵੇਰੇ 3:00 ਵਜੇ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਜਿਸ ਉਪਰੰਤ ਸ਼ਤਾਬਦੀ ਸਮਾਗਮਾਂ ਦਾ ਮੁੱਖ ਸਮਾਗਮ ਹੋਵੇਗਾ।

ਬਾਬਾ ਟੇਕ ਸਿੰਘ ਜੀ ਨੇ ਦੇਸ਼-ਵਿਦੇਸ਼ ਦੀ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਇਨ੍ਹਾਂ ਇਤਿਹਾਸਕ ਪਲਾਂ ਦਾ ਹਿੱਸਾ ਬਣਨ ਲਈ ਪਰਿਵਾਰਾਂ ਸਮੇਤ ਗੁਰਦੁਆਰਾ ਸ੍ਰੀ ਸੀਸ ਮਹਿਲ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀਆਂ ਬਖ਼ਸ਼ਿਸ਼ਾਂ ਦੇ ਪਾਤਰ ਬਣੋ।

ਇਹ ਵੀ ਪੜ੍ਹੋ :  Samana ਚ ਖ਼ਤਮ ਹੋਇਆ 'ਧਰਮ ਯੁੱਧ ਮੋਰਚਾ', 400 ਫੁੱਟ ਉੱਚੇ ਮੋਬਾਈਲ ਟਾਵਰ ’ਤੋਂ ਹੇਠਾਂ ਉਤਰੇ ਗੁਰਜੀਤ ਸਿੰਘ ਖਾਲਸਾ

- PTC NEWS

Top News view more...

Latest News view more...

PTC NETWORK
PTC NETWORK