Tue, Oct 13, 2026
Whatsapp

ਪੰਜਾਬ ਪੁਲਿਸ ਨੇ 5 ਮਹੀਨੇ ਬਾਅਦ ਕਬੂਲੀ ਆਰਮੀ ਸਟੇਸ਼ਨ ਨੇੜੇ IED ਧਮਾਕੇ ਦੀ ਗੱਲ, ਅੱਤਵਾਦੀ ਨੈਟਵਰਕ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ਼

Amritsar IED Blast Case : ਪੁਲਿਸ ਅਨੁਸਾਰ, ਅਰਸ਼ਦੀਪ ਨੇ ਮੋਟਰਸਾਈਕਲ ’ਤੇ ਜਾ ਕੇ ਵਿਸਫੋਟਕ ਸਮੱਗਰੀ ਨਿਰਧਾਰਤ ਥਾਂ ’ਤੇ ਰੱਖੀ ਅਤੇ ਸੁਰੱਖਿਅਤ ਦੂਰੀ ਤੋਂ ਮੋਬਾਈਲ ਫ਼ੋਨ ਰਾਹੀਂ ਧਮਾਕਾ ਕੀਤਾ। ਮੁਲਜ਼ਮਾਂ ਵੱਲੋਂ ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ ਸੀ।

Reported by:  PTC News Desk  Edited by:  KRISHAN KUMAR SHARMA -- October 13th 2026 04:39 PM -- Updated: October 13th 2026 04:46 PM
ਪੰਜਾਬ ਪੁਲਿਸ ਨੇ 5 ਮਹੀਨੇ ਬਾਅਦ ਕਬੂਲੀ ਆਰਮੀ ਸਟੇਸ਼ਨ ਨੇੜੇ IED ਧਮਾਕੇ ਦੀ ਗੱਲ, ਅੱਤਵਾਦੀ ਨੈਟਵਰਕ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ਼

ਪੰਜਾਬ ਪੁਲਿਸ ਨੇ 5 ਮਹੀਨੇ ਬਾਅਦ ਕਬੂਲੀ ਆਰਮੀ ਸਟੇਸ਼ਨ ਨੇੜੇ IED ਧਮਾਕੇ ਦੀ ਗੱਲ, ਅੱਤਵਾਦੀ ਨੈਟਵਰਕ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ਼

Amritsar IED Blast Case : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਖੁਫ਼ੀਆ ਏਜੰਸੀਆਂ ਨਾਲ ਮਿਲ ਕੇ ਅੰਤਰਰਾਜੀ ਅਤੇ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮ ਨੇ ਮਈ 2026 ਵਿੱਚ ਹੋਏ ਆਈਈਡੀ ਧਮਾਕੇ ਦੇ ਮਾਮਲੇ ਦੇ ਨਾਲ-ਨਾਲ ਇੱਕ ਹੋਰ ਗੰਭੀਰ ਅੱਤਵਾਦੀ ਸਾਜ਼ਿਸ਼ ਨੂੰ ਵੀ ਸੁਲਝਾ ਲਿਆ ਹੈ।

ਆਈਈਡੀ ਧਮਾਕੇ ਦੇ ਮਾਮਲੇ ਵਿੱਚ ਤਿੰਨ ਮੁਲਜ਼ਮ ਗ੍ਰਿਫ਼ਤਾਰ (Army Camp IED Blast case)

ਆਈਜੀ ਭੁੱਲਰ ਨੇ ਦੱਸਿਆ ਕਿ ਮਈ 2026 ਦੀ ਇੱਕ ਰਾਤ ਨੂੰ ਫ਼ੌਜ ਦੀ ਕੰਧ ਨੇੜੇ ਮੁੱਖ ਮਾਰਗ ’ਤੇ ਆਈਈਡੀ ਧਮਾਕਾ ਕੀਤਾ ਗਿਆ ਸੀ। ਇਹ ਮਾਮਲਾ ਲੰਬੇ ਸਮੇਂ ਤੋਂ ਅਣਸੁਲਝਿਆ ਪਿਆ ਸੀ। ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਕੰਵਰਪ੍ਰੀਤ ਸਿੰਘ ਚਾਹਲ ਅਤੇ ਉਨ੍ਹਾਂ ਦੀ ਟੀਮ ਨੇ ਸਖ਼ਤ ਮਿਹਨਤ ਅਤੇ ਪੇਸ਼ੇਵਰ ਢੰਗ ਨਾਲ ਜਾਂਚ ਕਰਦਿਆਂ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਮਨਦੀਪ, ਜੱਜਪ੍ਰੀਤ ਅਤੇ ਅਰਸ਼ਦੀਪ ਉਰਫ਼ ਕੇਕੜਾ ਵਜੋਂ ਹੋਈ ਹੈ। ਇਹ ਸਾਰੇ ਅਟਾਰੀ ਇਲਾਕੇ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ...UPI payment rules: 15 ਅਕਤੂਬਰ ਤੋਂ UPI 'ਤੇ MDR ਚਾਰਜ ਲਾਗੂ ਕਰਨ ਦਾ ਫ਼ੈਸਲਾ ਟਲਿਆ, ਹੁਣ 1 ਜਨਵਰੀ ਤੋਂ ਹੋ ਸਕਦੈ ਲਾਗੂ!

ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਰਮਨਦੀਪ ਅਤੇ ਜੱਜਪ੍ਰੀਤ ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ ਆਈਈਡੀ ਦੀ ਖੇਪ ਹਾਸਲ ਕੀਤੀ ਸੀ। ਇਸ ਤੋਂ ਬਾਅਦ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਇਹ ਵਿਸਫੋਟਕ ਸਮੱਗਰੀ ਅਰਸ਼ਦੀਪ ਉਰਫ਼ ਕੇਕਰਾ ਅਤੇ ਉਸ ਦੇ ਸਾਥੀਆਂ ਨੂੰ ਸੌਂਪੀ ਗਈ।

ਪੁਲਿਸ ਅਨੁਸਾਰ, ਅਰਸ਼ਦੀਪ ਨੇ ਮੋਟਰਸਾਈਕਲ ’ਤੇ ਜਾ ਕੇ ਵਿਸਫੋਟਕ ਸਮੱਗਰੀ ਨਿਰਧਾਰਤ ਥਾਂ ’ਤੇ ਰੱਖੀ ਅਤੇ ਸੁਰੱਖਿਅਤ ਦੂਰੀ ਤੋਂ ਮੋਬਾਈਲ ਫ਼ੋਨ ਰਾਹੀਂ ਧਮਾਕਾ ਕੀਤਾ। ਮੁਲਜ਼ਮਾਂ ਵੱਲੋਂ ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ ਸੀ।

ISI ਸਮਰਥਿਤ ਮੋਗਾ ਮਾਡਿਊਲ ਦਾ ਵੀ ਪਰਦਾਫਾਸ਼

ਕੇਂਦਰੀ ਏਜੰਸੀਆਂ ਨਾਲ ਮਿਲ ਕੇ ਚਲਾਏ ਗਏ ਇੱਕ ਹੋਰ ਸਾਂਝੇ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਆਈਐੱਸਆਈ (ISI) ਸਮਰਥਿਤ ਇੱਕ ਹੋਰ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 9 ਐੱਮਐੱਮ ਦੀ ਇੱਕ ਗਲੌਕ ਪਿਸਤੌਲ ਅਤੇ ਏਆਰਜੀਈਐੱਸ (ARGES) ਕੰਪਨੀ ਦਾ ਇੱਕ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ।

ਇਸ ਮਾਮਲੇ ਵਿੱਚ ਮੋਗਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਮੁਲਜ਼ਮਾਂ ਨਵਦੀਪ, ਸੈਮੂਅਲ ਉਰਫ਼ ਸੈਮੂ ਅਤੇ ਸੰਦੀਪ ਉਰਫ਼ ਟਿੱਡੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਹੀ ਆਈਜੀ ਭੁੱਲਰ ਨੇ ਦੱਸਿਆ ਕਿ ਇਸ ਮਾਡਿਊਲ ਨਾਲ ਜੁੜੇ ਚੌਥੇ ਮੁਲਜ਼ਮ ਹਰਮਨ, ਜੋ ਮੋਗਾ ਦੇ ਪਿੰਡ ਦੌਲਤਪੁਰ ਦਾ ਰਹਿਣ ਵਾਲਾ ਹੈ, ਨੂੰ ਵੀ ਪੁਲਿਸ ਟੀਮ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਨੇ ਦਿੱਤੇ ਸਨ ਪੈਸਿਆਂ ਦੇ ਲਾਲਚ

ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਖੁਲਾਸਾ ਕੀਤਾ ਕਿ ਮੁਲਜ਼ਮ ਦਿਹਾੜੀ-ਮਜ਼ਦੂਰੀ ਕਰਨ ਵਾਲੇ ਨੌਜਵਾਨ ਹਨ। ਉਨ੍ਹਾਂ ਨੂੰ ਪਾਕਿਸਤਾਨ ਅਤੇ ਵਿਦੇਸ਼ਾਂ ਵਿੱਚ ਬੈਠੇ ਪਾਕਿਸਤਾਨ ਸਮਰਥਿਤ ਹੈਂਡਲਰਾਂ ਵੱਲੋਂ ਸੋਸ਼ਲ ਮੀਡੀਆ, ਖ਼ਾਸ ਕਰਕੇ ਵ੍ਹਟਸਐਪ ਰਾਹੀਂ, ਨਿਰਦੇਸ਼ ਅਤੇ ਸਿਖਲਾਈ ਦਿੱਤੀ ਜਾ ਰਹੀ ਸੀ।

ਉਨ੍ਹਾਂ ਦੱਸਿਆ ਕਿ ਹੈਂਡਲਰਾਂ ਨੇ ਨੌਜਵਾਨਾਂ ਨੂੰ ਲਾਲਚ ਦਿੱਤਾ ਸੀ ਕਿ ਇਸ ਕੰਮ ਦੇ ਬਦਲੇ ਉਨ੍ਹਾਂ ਨੂੰ ਵੱਡੀ ਰਕਮ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫ਼ਰ ਕੀਤੇ ਜਾਣਗੇ। ਹਾਲਾਂਕਿ, ਪੁਲਿਸ ਦੀ ਡੂੰਘਾਈ ਨਾਲ ਕੀਤੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਨੂੰ ਹੁਣ ਤੱਕ ਇੱਕ ਰੁਪਿਆ ਵੀ ਨਹੀਂ ਮਿਲਿਆ ਸੀ। ਉਨ੍ਹਾਂ ਨੂੰ ਸਿਰਫ਼ ਝੂਠੇ ਭਰੋਸਿਆਂ ਅਤੇ ਲਾਲਚ ਦੇ ਜ਼ਰੀਏ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਵਰਤਿਆ ਜਾ ਰਿਹਾ ਸੀ।

ਵੱਡੀ ਤਬਾਹੀ ਹੋਣ ਤੋਂ ਬਚੀ: ਆਈਜੀ ਭੁੱਲਰ

ਆਈਜੀ ਭੁੱਲਰ ਨੇ ਕਿਹਾ ਕਿ ਮੁਲਜ਼ਮਾਂ ਦੀ ਸਮੇਂ ਸਿਰ ਗ੍ਰਿਫ਼ਤਾਰੀ ਅਤੇ ਹੈਂਡ ਗ੍ਰਨੇਡ ਤੇ ਹਥਿਆਰਾਂ ਦੀ ਬਰਾਮਦਗੀ ਨਾਲ ਇੱਕ ਵੱਡੀ ਤ੍ਰਾਸਦੀ ਹੋਣ ਤੋਂ ਬਚਾਅ ਹੋਇਆ ਹੈ। ਉਨ੍ਹਾਂ ਅਨੁਸਾਰ, ਇਹ ਨੈੱਟਵਰਕ ਅੰਮ੍ਰਿਤਸਰ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਸਰਗਰਮ ਸੀ ਅਤੇ ਸਰਕਾਰੀ ਅਦਾਰਿਆਂ ਸਮੇਤ ਹੋਰ ਸੰਵੇਦਨਸ਼ੀਲ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਫ਼ਿਰਾਕ ਵਿੱਚ ਸੀ। ਜੇਕਰ ਹੈਂਡ ਗ੍ਰਨੇਡ ਦੀ ਵਰਤੋਂ ਹੋ ਜਾਂਦੀ ਤਾਂ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਸੀ।

ਆਈਜੀ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਐੱਸਐੱਸਪੀ ਕੰਵਰਪ੍ਰੀਤ ਸਿੰਘ ਚਾਹਲ, ਐੱਸਪੀ (ਡੀ) ਰਮਨਦੀਪ, ਡੀਐੱਸਪੀ ਗੁਰਿੰਦਰ ਸਿੰਘ ਨਾਗਰਾ, ਐੱਸਐੱਚਓ ਯਾਦਵਿੰਦਰ ਸਿੰਘ, ਸੀਆਈਏ ਇੰਚਾਰਜ ਮਨਪ੍ਰੀਤ ਅਤੇ ਸਮੁੱਚੀ ਪੁਲਿਸ ਟੀਮ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਜੁੜੀਆਂ ਹੋਰ ਕੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੂਰੀ ਸਾਜ਼ਿਸ਼ ਬਾਰੇ ਹੋਰ ਵੇਰਵੇ ਸਾਹਮਣੇ ਲਿਆਂਦੇ ਜਾਣਗੇ।

ਖਬਰ ਅਪਡੇਟ ਜਾਰੀ...

Jhota Murder : ਰੋਟੀ ਆ ਕੇ ਖਾਊਂਗਾ...! ਪਰਵਿੰਦਰ ਝੋਟੇ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ, ਪਿਤਾ ਨੇ ਸਸਕਾਰ ਤੋਂ ਕੀਤਾ ਇਨਕਾਰ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK