India Bangladesh Border:ਬੰਗਲਾਦੇਸ਼ੀਆਂ ਨੇ BSF ਜਵਾਨਾਂ 'ਤੇ ਹਮਲਾ ਕਰਕੇ ਖੋਹੇ ਹਥਿਆਰ
ਕੋਲਕਾਤਾ : ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿਚ ਐਤਵਾਰ ਨੂੰ ਆਪਣੇ ਪਸ਼ੂ ਚੁਰਾਉਣ ਲਈ ਭਾਰਤ ਵਿਚ ਦਾਖ਼ਲ ਹੋਏ ਬੰਗਲਾਦੇਸ਼ੀ ਕਿਸਾਨਾਂ ਨੇ ਬੀਐਸਐਫ ਦੇ ਦੋ ਜਵਾਨਾਂ ਉਪਰ ਹਮਲਾ ਕਰ ਦਿੱਤਾ ਅਤੇ ਕਥਿਤ ਤੌਰ ਉਤੇ ਉਨ੍ਹਾਂ ਦੇ ਹਥਿਆਰ ਖੋਹ ਲਏ। ਇਹ ਜਾਣਕਾਰੀ ਬੀਐਸਐਫ ਵੱਲੋਂ ਜਾਰੀ ਬਿਆਨ ਵਿਚ ਦਿੱਤੀ ਗਈ ਹੈ।
ਬਿਆਨ ਮੁਤਾਬਕ ਇਹ ਘਟਨਾ ਰਾਣੀਤਲਾ ਥਾਣਾ ਖੇਤਰ ਅਧੀਨ ਪੈਂਦੇ ਨਿਰਮਲਚਾਰ ਸਰਹੱਦੀ ਚੌਕੀ ਨੇੜੇ ਉਸ ਸਮੇਂ ਵਾਪਰੀ ਜਦੋਂ 35ਵੀਂ ਬਟਾਲੀਅਨ ਦੇ ਦੋ ਜਵਾਨ ਗਸ਼ਤ ਕਰ ਰਹੇ ਸਨ। ਜਦੋਂ ਬੰਗਲਾਦੇਸ਼ੀ ਕਿਸਾਨਾਂ ਦਾ ਇਕ ਸਮੂਹ ਭਾਰਤੀ ਕਿਸਾਨਾਂ ਦੇ ਖੇਤਾਂ ਵਿਚ ਪਸ਼ੂਆਂ ਨੂੰ ਚਾਰਨ ਲਈ ਸਰਹੱਦ ਪਾਰ ਕਰ ਰਿਹਾ ਸੀ ਤਾਂ ਜਵਾਨਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਬੀਐਸਐਫ ਨੇ ਇਕ ਬਿਆਨ 'ਚ ਕਿਹਾ ਕਿ ਜਲਦੀ ਹੀ ਬੰਗਲਾਦੇਸ਼ ਤੋਂ ਸੈਂਕੜੇ ਲੋਕ ਭਾਰਤੀ ਖੇਤਰ ਵਿਚ ਦਾਖ਼ਲ ਹੋਏ ਤੇ ਜਵਾਨਾਂ 'ਤੇ ਡਾਂਗਾਂ ਨਾਲ ਹਮਲਾ ਕੀਤਾ। ਇਸ ਘਟਨਾ 'ਚ ਦੋਵੇਂ ਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਬੰਗਲਾਦੇਸ਼ੀ ਉਨ੍ਹਾਂ ਦੇ ਹਥਿਆਰ ਖੋਹ ਕੇ ਵਾਪਸ ਭੱਜ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਦੋਵਾਂ ਜਵਾਨਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ : Meghalaya And Nagaland Assembly Election : ਸਖ਼ਤ ਸੁਰੱਖਿਆ ਪ੍ਰਬੰਧ ਹੇਠ ਨਾਗਾਲੈਂਡ ਤੇ ਮੇਘਾਲਿਆ 'ਚ ਵੋਟਿੰਗ ਸ਼ੁਰੂ
ਬੀਐਸਐਫ ਨੇ ਕਿਹਾ ਕਿ ਇਸ ਘਟਨਾ ਬਾਰੇ ਬਾਰਡਰ ਗਾਰਡਜ਼ ਬੰਗਲਾਦੇਸ਼ (ਬੀਜੀਬੀ) ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਜਵਾਨਾਂ ਦੇ ਹਥਿਆਰ ਬਰਾਮਦ ਕਰਨ ਤੋਂ ਇਲਾਵਾ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਫਲੈਗ ਮੀਟਿੰਗ ਦੀ ਮੰਗ ਕੀਤੀ ਗਈ ਹੈ। ਬੀਐਸਐਫ ਨੇ ਰਾਣੀਤਲਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤੀ ਕਿਸਾਨ ਬੰਗਲਾਦੇਸ਼ੀਆਂ ਦੁਆਰਾ ਉਨ੍ਹਾਂ ਦੀਆਂ ਫਸਲਾਂ ਦੀ ਚੋਰੀ ਤੇ ਨੁਕਸਾਨ ਦੀ ਸ਼ਿਕਾਇਤ ਕਰ ਰਹੇ ਹਨ।
- PTC NEWS