Bathinda News : ਹਰਜਿੰਦਰ ਸਿੰਘ ਮੇਲਾ ਕਤਲ ਮਾਮਲੇ 'ਚ ਚਾਰ ਮੁਲਜ਼ਮ ਬਰੀ, ਮ੍ਰਿਤਕ ਦੀ ਪਤਨੀ ਤੇ ਮੈਨੇਜਰ ਗਵਾਹੀ ਮੁੱਕਰੇ
Harjinder Singh Mela murder case : ਬਠਿੰਡਾ ਵਿੱਚ ਕਤਲ ਕੀਤੇ ਗਏ ਹਰਜਿੰਦਰ ਸਿੰਘ ਮੇਲਾ ਦੇ ਮਾਮਲੇ ਵਿੱਚ ਸ਼ੁੱਕਰਵਾਰ ਸੁਣਵਾਈ ਦੌਰਾਨ ਸੈਸ਼ਨ ਅਦਾਲਤ ਨੇ ਗ੍ਰਿਫ਼ਤਾਰ ਚਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।
ਅਦਾਲਤ ਵੱਲੋਂ ਬਰੀ ਕੀਤੇ ਗਏ ਮੁਲਜ਼ਮਾਂ ਵਿੱਚ ਕਥਿਤ ਸ਼ੂਟਰ ਲਵਦੀਪ ਸਿੰਘ, ਕਮਲਦੀਪ ਸਿੰਘ, ਗੈਂਗਸਟਰ ਅਰਸ਼ ਡੱਲਾ ਦਾ ਪਿਤਾ ਚਰਨਜੀਤ ਸਿੰਘ ਅਤੇ ਪਰਮਜੀਤ ਸਿੰਘ ਪੰਮਾ ਭੀਖੀ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਕਤਲ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਕੁੱਲ 7 ਵਿਅਕਤੀਆਂ ਨੂੰ ਦੋਸ਼ੀ ਬਣਾਇਆ ਸੀ, ਜਿਨ੍ਹਾਂ ਵਿਚੋਂ 4 ਨੂੰ ਬਰੀ ਕਰ ਦਿੱਤਾ ਗਿਆ ਹੈ। ਜਦਕਿ ਗੈਂਗਸਟਰ ਅਰਸ਼ ਡੱਲਾ, ਮਨਪ੍ਰੀਤ ਉਰਫ਼ ਮਨੀ ਅਤੇ ਸਾਧੂ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਅੱਜ ਸੁਣਵਾਈ ਦੌਰਾਨ ਮਾਮਲੇ ਵਿੱਚ ਅਦਾਲਤ ਨੇ ਹਰਜਿੰਦਰ ਸਿੰਘ ਮੇਲਾ ਦੀ ਪਤਨੀ ਅਤੇ ਮੈਨੇਜਰ ਵੱਲੋਂ ਮਾਮਲੇ 'ਚ ਗਵਾਹ ਵੱਜੋਂ ਮੁਕਰਨ ਤੋਂ ਬਾਅਦ ਮੁਲਜ਼ਮਾਂ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ।
ਦੁਕਾਨ ਦੇ ਬਾਹਰ ਬੈਠੇ ਮੇਲਾ ਨੂੰ ਮਾਰੀਆਂ ਗਈਆਂ ਸਨ ਗੋਲੀਆਂ
ਦੱਸ ਦਈਏ ਕਿ 28 ਅਕਤੂਬਰ 2023 ਨੂੰ ਬਠਿੰਡਾ ਵਿੱਚ ਆਪਣੀ ਦੁਕਾਨ ਦੇ ਬਾਹਰ ਬੈਠੇ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਉਰਫ਼ ਮੇਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਮਲਾ ਸ਼ਾਮ 5 ਵਜੇ ਦੋ ਬਾਈਕ ਸਵਾਰ ਹਮਲਾਵਰਾਂ ਨੇ ਕੀਤਾ ਸੀ। ਹਮਲਾਵਰਾਂ ਨੇ ਛੇ ਗੋਲੀਆਂ ਚਲਾਈਆਂ, ਜਿਸ ਨਾਲ ਹਰਜਿੰਦਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਸੀ।
- PTC NEWS