Beas River Overflow : ਸੁਲਤਾਨਪੁਰ ਲੋਧੀ ਦੇ ਮੰਡ ਬਾਊਪੁਰ ਨੇੜੇ ਬਿਆਸ ਦਰਿਆ ਦਾ ਬੰਨ ਟੁੱਟਿਆ, ਸੈਂਕੜੇ ਏਕੜ ਜ਼ਮੀਨ 'ਚ ਵੜਿਆ ਪਾਣੀ
Beas River Overflow in Sultanpur News : ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਨੇ ਆਪਣਾ ਰੁਦਰ ਰੂਪ ਦਿਖਾਉਂਦਿਆਂ, ਪਿੰਡ ਬਾਊਪੁਰ ਜਦੀਦ ਨੇੜੇ ਅਡਵਾਂਸ ਬੰਨ ਟੁੱਟ ਗਿਆ। ਹੜ੍ਹ ਦਾ ਪਾਣੀ ਤੇਜ਼ੀ ਨਾਲ ਖੇਤਾਂ ਵਿੱਚ ਵੜ ਰਿਹਾ ਹੈ ਅਤੇ ਕਿਸਾਨਾਂ ਦੀਆਂ ਮਹੀਨਿਆਂ ਦੀ ਮਿਹਨਤ ਇਕ ਪਲ ਵਿੱਚ ਬਰਬਾਦ ਹੋਣ ਦੇ ਕਗਾਰ 'ਤੇ ਪਹੁੰਚ ਗਿਆ।
PTC News ਵੱਲੋਂ ਇਸ ਸਬੰਧੀ ਜ਼ਮੀਨੀ ਪੱਧਰ ਜਾ ਕੇ ਜਾਇਜ਼ਾ ਲਿਆ ਗਿਆ। ਜਾਣਕਾਰੀ ਅਨੁਸਾਰ ਸਵੇਰ ਦੇ ਸਮੇਂ ਦਰਿਆ ਦਾ ਪਾਣੀ ਚੜ੍ਹਦਾ ਗਿਆ ਤੇ ਅਖ਼ੀਰਕਾਰ ਬਾਊਪੁਰ ਜਦੀਦ ਦੇ ਨੇੜੇ ਬੰਨ ਦਾ ਹਿੱਸਾ ਟੁੱਟ ਗਿਆ। ਪਾਣੀ ਦੇ ਤੂਫਾਨੀ ਰੂਪ ਨੇ ਖੇਤਾਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ। 14 ਤੋਂ 15 ਪਿੰਡ ਇਸ ਹੜ੍ਹ ਨਾਲ ਸਿੱਧੇ ਪ੍ਰਭਾਵਿਤ ਹੋਣ ਦਾ ਖਤਰਾ ਹੈ। ਧਾਨ, ਮੱਕੀ, ਗੰਨਾ, ਤੇ ਹੋਰ ਫਸਲਾਂ - ਜਿਹਨਾਂ ਨੂੰ ਕਿਸਾਨਾਂ ਨੇ ਪੁੱਤਾਂ ਵਾਂਗ ਪਾਲਿਆ ਸੀ - ਹੁਣ ਪਾਣੀ ਵਿੱਚ ਡੁੱਬਣ ਲੱਗੀਆਂ ਹਨ।
ਮੌਕੇ 'ਤੇ ਮੌਜੂਦ ਲੋਕਾਂ ਦਾ ਕੀ ਸੀ ਕਹਿਣਾ ?
ਪਾਣੀ ਦੇ ਓਵਰਫਲੋ ਹੋਣ ਬਾਰੇ ਕਿਸਾਨਾਂ ਨੇ ਦੱਸਿਆ ਕਿ, "ਰਾਤ ਤੋਂ ਹੀ ਪਾਣੀ ਵਧਦਾ ਵੇਖਿਆ ਸੀ… ਅਸੀਂ ਸੋਚਿਆ ਸੀ ਰੁਕ ਜਾਏਗਾ, ਪਰ ਹੁਣ ਬੰਨ ਟੁੱਟ ਗਿਆ। ਹੁਣ ਜੋ ਬਚਿਆ, ਓਹੀ ਆਪਣੀ ਉਮੀਦ ਹੈ।"
ਇਹ ਫਸਲਾਂ ਸਾਡੇ ਲਈ ਸਿਰਫ਼ ਅਨਾਜ ਨਹੀਂ, ਸਾਡੇ ਸੁਪਨੇ...
ਹੜ੍ਹ ਦੇ ਪਾਣੀ ਦੇ ਸਾਹਮਣੇ ਕਿਸਾਨ ਹੱਥ ਜੋੜ ਕੇ ਖੜ੍ਹੇ ਨਹੀਂ ਰਹੇ। ਕੁਝ ਆਪਣੇ ਘਰਾਂ ਦਾ ਸਮਾਨ ਛੱਤਾਂ ‘ਤੇ ਚੜ੍ਹਾ ਰਹੇ ਹਨ, ਕੁਝ ਆਪਣੇ ਖੇਤਾਂ ਵਿੱਚ ਜਾ ਕੇ ਬੰਨ ਬੰਨਣ ਦੀ ਕੋਸ਼ਿਸ਼ ਕਰ ਰਹੇ ਹਨ। ਲੋਕ, ਪਾਣੀ ਚਿੱਕੜ ਵਿੱਚ ਬੰਨ 'ਤੇ ਹੌਸਲਾ ਹਾਰੇ ਨਹੀਂ। ਇਸ ਦੌਰਾਨ ਇੱਕ ਬਜ਼ੁਰਗ ਨੇ ਭਾਵੁਕ ਹੁੰਦਿਆਂ ਕਿਹਾ, "ਇਹ ਫਸਲਾਂ ਸਾਡੇ ਲਈ ਸਿਰਫ਼ ਅਨਾਜ ਨਹੀਂ, ਸਾਡੇ ਸੁਪਨੇ, ਸਾਡੀ ਰੋਟੀ, ਸਾਡਾ ਭਵਿੱਖ ਹਨ।"
- PTC NEWS