Why Stock Market Crash Today: ਭਾਰਤੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਜਾਣੋ ਕਿਹੜੇ 6 ਕਾਰਨ ਰਹੇ ਮੁੱਖ
Why Stock Market Crash Today : ਅੱਜ ਯਾਨੀ ਹਫਤੇ ਦੇ ਪਹਿਲੇ ਦਿਨ ਭਾਰਤੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਦਸ ਦਈਏ ਕਿ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 900 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਅਤੇ ਨਿਫਟੀ 'ਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ। ਸੋਮਵਾਰ ਸ਼ੇਅਰ ਬਾਜ਼ਾਰ 'ਚ ਚਾਰੇ ਪਾਸੇ ਬਿਕਵਾਲੀ ਦੇਖਣ ਨੂੰ ਮਿਲੀ, ਜਿਸ ਕਾਰਨ ਇਹ ਅਖੀਰ 'ਤੇ ਲਾਲ ਜ਼ੋਨ 'ਚ ਬੰਦ ਹੋਇਆ। ਪਰ ਅਜਿਹਾ ਕੀ ਕਾਰਨ ਹੈ ਕਿ ਬਾਜ਼ਾਰ 'ਚ ਇੰਨੀ ਵੱਡੀ ਗਿਰਾਵਟ ਆਈ ਹੈ? ਆਉ ਜਾਣਦੇ ਹਾਂ ਉਨ੍ਹਾਂ ਕਾਰਨਾਂ ਬਾਰੇ...
ਇਜ਼ਰਾਈਲ-ਇਰਾਨ ਜੰਗ: ਇਜ਼ਰਾਈਲ-ਇਰਾਨ ਜੰਗ ਕਾਰਨ ਮੱਧ ਪੂਰਬ ਖੇਤਰ 'ਚ ਤਣਾਅ ਵਧਦਾ ਜਾ ਰਿਹਾ ਹੈ, ਜੋ ਕਿ ਭਾਰਤੀ ਬਾਜ਼ਾਰ 'ਚ ਅੱਜ ਦੀ ਗਿਰਾਵਟ ਦਾ ਮੁੱਖ ਕਾਰਨ ਹੈ।
ਅਮਰੀਕੀ ਡਾਲਰ 'ਚ ਮਜ਼ਬੂਤੀ: ਭੂ-ਰਾਜਨੀਤਿਕ ਤਣਾਅ ਕਾਰਨ ਅਮਰੀਕੀ ਡਾਲਰ ਮਜ਼ਬੂਤ ਹੋਇਆ ਹੈ, ਜਿਸ ਨਾਲ ਰੁਪਿਆ ਕਮਜ਼ੋਰ ਹੋਇਆ ਹੈ। ਦਸ ਦਈਏ ਕਿ ਅੱਜ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਛੇ ਪੈਸੇ ਦੀ ਗਿਰਾਵਟ ਨਾਲ 83.44 'ਤੇ ਬੰਦ ਹੋਇਆ, ਜਿਸ ਨਾਲ ਬਾਜ਼ਾਰ ਦਾ ਮੂਡ ਵੀ ਵਿਗੜ ਗਿਆ।
ਗਲੋਬਲ ਬਾਜ਼ਾਰਾਂ 'ਚ ਵਿਕਰੀ: ਮੱਧ ਪੂਰਬ 'ਚ ਤਣਾਅ ਵਧਣ ਨਾਲ ਗਲੋਬਲ ਬਾਜ਼ਾਰਾਂ 'ਚ ਵਿਕਰੀ ਵਧੀ ਹੈ। ਸ਼ੁੱਕਰਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਇਆ ਸੀ। ਉਪਰੰਤ ਸੋਮਵਾਰ ਨੂੰ ਸਵੇਰ ਦੇ ਸੈਸ਼ਨ 'ਚ ਪ੍ਰਮੁੱਖ ਏਸ਼ੀਆਈ ਬਾਜ਼ਾਰ ਜਿਵੇਂ ਕਿ ਨਿਕਈ, ਹੈਂਗਸੇਂਗ, ਕੋਸਪੀ ਆਦਿ ਦਬਾਅ 'ਚ ਕਾਰੋਬਾਰ ਕਰ ਰਹੇ ਸਨ, ਜਿਸ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਿਆ ਹੈ।
ਵਿਦੇਸ਼ੀ ਨਿਵੇਸ਼ਕਾਂ ਨੇ ਕੱਢੀ ਪੂੰਜੀ: ਦੁਨੀਆ 'ਚ ਵਧਦੇ ਤਣਾਅ ਦੇ ਕਾਰਨ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰ ਤੋਂ ਪੈਸਾ ਵਾਪਸ ਲੈ ਰਹੇ ਹਨ। ਸ਼ੁੱਕਰਵਾਰ ਨੂੰ FPIs ਨੇ 8,027 ਕਰੋੜ ਰੁਪਏ ਦੀ ਵਿਕਰੀ ਕੀਤੀ ਸੀ, ਜੋ ਕਿ ਇਹ ਰੁਝਾਨ ਅੱਗੇ ਵੀ ਜਾਰੀ ਰਹਿ ਸਕਦਾ ਹੈ।
ਭਾਰਤ ਅਤੇ ਮਾਰੀਸ਼ਸ ਟੈਕਸ ਸੰਧੀ 'ਚ ਬਦਲਾਅ: ਭਾਰਤ ਅਤੇ ਮਾਰੀਸ਼ਸ ਨੇ ਦੋਵਾਂ ਦੇਸ਼ਾਂ ਵਿਚਕਾਰ ਦੋਹਰੇ ਟੈਕਸ ਤੋਂ ਬਚਣ ਦੇ ਸਮਝੌਤੇ 'ਚ ਸੋਧ ਕੀਤੀ ਹੈ। ਦਸ ਦਈਏ ਕਿ ਹੁਣ ਮਾਰੀਸ਼ਸ ਰਾਹੀਂ ਭਾਰਤ 'ਚ ਆਉਣ ਵਾਲੇ ਨਿਵੇਸ਼ 'ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾਵੇਗੀ, ਜਿਸ ਨਾਲ ਵਿਦੇਸ਼ੀ ਨਿਵੇਸ਼ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਦਾ ਅਸਰ ਬਾਜ਼ਾਰ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ: ਈਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਮੱਧ ਪੂਰਬ 'ਚ ਵਧਦੇ ਤਣਾਅ ਦਰਮਿਆਨ ਤੇਲ ਦੀਆਂ ਕੀਮਤਾਂ 'ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੈ। ਦਸ ਦਈਏ ਕਿ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਜੰਗ ਹੁੰਦੀ ਹੈ ਤਾਂ ਬ੍ਰੈਂਟ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਸਕਦੀ ਹੈ। ਫਿਲਹਾਲ ਇਹ ਲਗਭਗ 90 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ, ਜਿਸ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
- PTC NEWS