BJP ਆਗੂ ਰਣਜੀਤ ਸਿੰਘ ਗਿੱਲ ਨੂੰ ਹਾਈਕੋਰਟ ਤੋਂ ਅੰਤਰਿਮ ਰਾਹਤ, ਸੋਮਵਾਰ ਤੱਕ ਨਹੀਂ ਹੋਵੇਗੀ ਪੁੱਛਗਿੱਛ
Ranjit Singh Gill Case : ਪੰਜਾਬ ਭਾਜਪਾ (Punjab BJP) ਆਗੂ ਅਤੇ ਰੀਅਲ ਅਸਟੇਟ ਕਾਰੋਬਾਰੀ ਰਣਜੀਤ ਸਿੰਘ ਗਿੱਲ ਨੂੰ ਪੰਜਾਬ-ਹਰਿਆਣਾ ਹਾਈਕੋਰਟ (Punjab Haryana High Court) ਤੋਂ ਵੱਡੀ ਰਾਹਤ ਮਿਲੀ ਹੈ। ਆਗੂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ 'ਤੇ ਅੱਜ ਸੁਣਵਾਈ ਹੋਈ। ਅਦਾਲਤ ਨੇ ਗਿੱਲ ਨੂੰ ਰਾਹਤ ਦਿੰਦਿਆਂ ਸੋਮਵਾਰ ਤੱਕ ਪੁੱਛਗਿੱਛ ਲਈ ਨਾ ਬੁਲਾਏ ਜਾਣ ਦਾ ਹੁਕਮ ਸੁਣਾਇਆ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ।
ਦੱਸ ਦਈਏ ਕਿ ਰਣਜੀਤ ਗਿੱਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਅਗਲੇ ਦਿਨ ਸਵੇਰੇ ਹੀ ਪੰਜਾਬ ਵਿਜੀਲੈਂਸ (Punjab Vigilance) ਟੀਮ ਨੇ ਉਨ੍ਹਾਂ ਦੇ ਚਾਰ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਹਾਈਕੋਰਟ 'ਚ ਦਾਖਲ ਪਟੀਸ਼ਨ ਵਿੱਚ ਰਣਜੀਤ ਸਿੰਘ ਗਿੱਲ ਨੇ ਦੋ ਨੁਕਤੇ ਚੁੱਕੇ ਅਤੇ ਕਿਹਾ ਹੈ ਕਿ ਜਿਵੇਂ ਹੀ ਉਹ 1 ਅਗਸਤ ਨੂੰ ਭਾਜਪਾ ਵਿੱਚ ਸ਼ਾਮਲ ਹੋਏ, ਉਨ੍ਹਾਂ ਵਿਰੁੱਧ ਬਦਲਾ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਇਸ਼ਾਰੇ 'ਤੇ ਵਿਜੀਲੈਂਸ ਵਿਭਾਗ ਨੇ ਬਿਨਾਂ ਕਿਸੇ ਸੰਮਨ, ਨੋਟਿਸ ਜਾਂ ਕਾਨੂੰਨੀ ਪ੍ਰਕਿਰਿਆ ਦੇ ਸਰਚ ਵਾਰੰਟ ਪ੍ਰਾਪਤ ਕੀਤੇ। ਇਸਤੋਂ ਇਲਾਵਾ ਵਿਜੀਲੈਂਸ ਨੇ ਉਨ੍ਹਾਂ ਦੇ ਘਰ ਸਮੇਤ ਉਨ੍ਹਾਂ ਦੇ ਚਾਰ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ, ਪਰ ਕੋਈ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ।
ਗਿੱਲ ਦੇ ਵਕੀਲ ਨੇ ਹਾਈਕੋਰਟ 'ਚ ਰੱਖਿਆ ਪੱਖ
ਰਣਜੀਤ ਸਿੰਘ ਦੇ ਵਕੀਲ ਨੇ ਕਿਹਾ, ਉਨ੍ਹਾਂ ਨੂੰ ਡਰ ਹੈ ਕਿ ਸਰਕਾਰ ਉਨ੍ਹਾਂ ਵਿਰੁੱਧ ਕਾਰਵਾਈ ਕਰ ਸਕਦੀ ਹੈ। ਸਰਕਾਰ ਨੂੰ ਪਹਿਲਾਂ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਗਵਾਹ ਵਜੋਂ ਬੁਲਾਇਆ ਜਾ ਰਿਹਾ ਹੈ ਜਾਂ ਸ਼ੱਕੀ। ਵਕੀਲ ਨੇ ਕਿਹਾ ਕਿ ਸਰਕਾਰ ਨੇ ਪਿਛਲੀ ਸੁਣਵਾਈ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਗਵਾਹ ਵਜੋਂ ਬੁਲਾਇਆ ਜਾ ਰਿਹਾ ਹੈ। ਜਦੋਂ ਸਰਕਾਰ ਇਹ ਮੰਨ ਰਹੀ ਹੈ ਕਿ ਗਿੱਲ ਨੂੰ ਗਵਾਹ ਵਜੋਂ ਬੁਲਾਇਆ ਜਾ ਰਿਹਾ ਹੈ, ਤਾਂ ਸਰਕਾਰ ਨੂੰ ਹਾਈ ਕੋਰਟ ਨੂੰ ਇੱਕ ਅੰਡਰਟੇਕਿੰਗ ਦੇਣੀ ਚਾਹੀਦੀ ਹੈ ਕਿ ਜੇਕਰ ਗਿੱਲ ਜਾਂਚ ਵਿੱਚ ਸ਼ਾਮਲ ਹੁੰਦਾ ਹੈ, ਤਾਂ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਜਾਂ ਹਾਈ ਕੋਰਟ ਨੂੰ ਉਨ੍ਹਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਕਿ ਜੇਕਰ ਸਰਕਾਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਦੀ ਹੈ, ਤਾਂ ਉਨ੍ਹਾਂ ਨੂੰ ਇੱਕ ਹਫ਼ਤੇ ਦਾ ਸਮਾਂ ਦੇਣਾ ਚਾਹੀਦਾ ਹੈ। ਇਸ 'ਤੇ ਸਰਕਾਰ ਨੇ ਕਿਹਾ ਕਿ ਗਿੱਲ ਨੂੰ ਸੋਮਵਾਰ ਤੱਕ ਨਹੀਂ ਬੁਲਾਇਆ ਜਾਵੇਗਾ।
- PTC NEWS