Khanna News : ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆ ਰਹੇ ਪਰਿਵਾਰ ਦੀ ਨਹਿਰ 'ਚ ਡਿੱਗੀ ਕਾਰ, ਦੋ ਜੀਆਂ ਦੀ ਮੌਤ, 2 ਬੱਚੀਆਂ ਸੁਰੱਖਿਅਤ
Khanna News : ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਪਰਤ ਰਹੇ ਇੱਕ ਪਰਿਵਾਰ ਦੀ ਖੁਸ਼ੀਆਂ ਇਕ ਪਲ ਵਿੱਚ ਸੋਗ 'ਚ ਬਦਲ ਗਈਆਂ। ਦੋਰਾਹਾ ਨਾਲ ਲੱਗਦੇ ਪਿੰਡ ਦਬੁਰਜੀ ਨੇੜੇ ਇੱਕ ਅਰਟੀਗਾ ਕਾਰ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਤੇਜ਼ ਵਹਾਅ ਵਾਲੀ ਨਹਿਰ ਵਿੱਚ ਡਿੱਗ (Car Accident) ਗਈ। ਇਸ ਦਰਦਨਾਕ ਹਾਦਸੇ 'ਚ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਦੋ ਬੱਚੀਆਂ ਨੂੰ ਰਾਹਗੀਰਾਂ ਦੀ ਦਿਲੇਰੀ ਨਾਲ ਸੁਰੱਖਿਅਤ ਬਚਾ ਲਿਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਜਨਤਾ ਨਗਰ ਵਾਸੀ ਰੁਪਿੰਦਰ ਸਿੰਘ ਆਪਣੀ ਭਰਜਾਈ ਪਲਵਿੰਦਰ ਕੌਰ ਅਤੇ ਦੋ ਭਤੀਜੀਆਂ - ਹਰਲੀਨ ਕੌਰ (ਉਮਰ 10 ਸਾਲ) ਅਤੇ ਹਰਗੁਣ ਕੌਰ (ਉਮਰ 7 ਸਾਲ) - ਨਾਲ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ। ਵਾਪਸੀ ਦੌਰਾਨ ਦਬੁਰਜੀ ਪਿੰਡ ਨੇੜੇ ਅਚਾਨਕ ਕਾਰ ਬੇਕਾਬੂ ਹੋ ਗਈ ਅਤੇ ਸਿੱਧੀ ਨਹਿਰ ਵਿੱਚ ਜਾ ਗਿਰੀ।
ਕਾਰ ਡਿੱਗਣ ਦੀ ਆਵਾਜ਼ ਸੁਣ ਕੇ ਨੇੜਲੇ ਰਾਹਗੀਰ ਤੁਰੰਤ ਮਦਦ ਲਈ ਦੌੜੇ। ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਆਪਣੇ ਜੀਵਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ ਵਿੱਚ ਉਤਰ ਕੇ ਬੱਚੀਆਂ ਨੂੰ ਬਾਹਰ ਕੱਢਿਆ। ਦੋਵੇਂ ਬੱਚੀਆਂ ਰੋ-ਰੋ ਕੇ ਇੱਕੋ ਗੱਲ ਪੁੱਛਦੀਆਂ ਰਹੀਆਂ: “ਮੰਮੀ ਕਿੱਥੇ ਨੇ? ਤਾਇਆ ਕਿੱਥੇ ਨੇ?” — ਇਹ ਦਰਦ ਭਰੇ ਸ਼ਬਦ ਹਰ ਇੱਕ ਦੀ ਅੱਖਾਂ ਵਿੱਚ ਹੰਝੂ ਛੱਡ ਗਏ। ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਰੁਪਿੰਦਰ ਸਿੰਘ ਦੀ ਲਾਸ਼ ਬਾਹਰ ਕੱਢੀ ਗਈ। ਪਲਵਿੰਦਰ ਕੌਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।
ਮੌਕੇ 'ਤੇ ਪਹੁੰਚੇ ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰਵਾਏ। ਕਾਰ ਨੂੰ ਲੋਕਾਂ ਦੀ ਮਦਦ ਨਾਲ ਨਹਿਰ ਤੋਂ ਬਾਹਰ ਕੱਢਿਆ ਗਿਆ। ਹਾਦਸਾ ਕਿਵੇਂ ਹੋਇਆ, ਇਸ ਦੀ ਜਾਂਚ ਜਾਰੀ ਹੈ।
- PTC NEWS