Haryana News : ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਦੋਸ਼ ਕੀਤੇ ਤੈਅ, ਜਾਣੋ ਕੀ ਹੈ ਮਾਮਲਾ ਮਾਮਲਾ
Former Sports Minister Sandeep Singh : ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸੰਦੀਪ ਸਿੰਘ ਖਿਲਾਫ ਮਹਿਲਾ ਕੋਚ ਯੋਨ ਸ਼ੋਸ਼ਣ ਮਾਮਲੇ 'ਚ ਦੋਸ਼ ਆਇਦ ਕੀਤੇ ਹਨ। ਇਹ ਦੋਸ਼ ਆਈਪੀਸੀ ਦੀਆਂ ਧਾਰਾਵਾਂ 354, 354 ਏ, 354 ਬੀ, 506 ਅਤੇ 509 ਤਹਿਤ ਆਇਦ ਕੀਤੇ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ ਹੁਣ 17 ਅਗਸਤ ਨੂੰ ਹੋਵੇਗੀ।
ਦੱਸ ਦਈਏ ਕਿ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਵੱਲੋਂ ਪੀੜਤਾ ਨਾਲ ਬਲਾਤਕਾਰ ਦੀ ਕੋਸ਼ਿਸ਼ ਦੇ ਮੱਦੇਨਜ਼ਰ ਦੋਸ਼ ਹਟਾਉਣ ਅਤੇ ਧਾਰਾ ਜੋੜਨ ਦੀ ਪਟੀਸ਼ਨ ਦਾਖਲ ਕੀਤੀ ਗਈ ਸੀ, ਜਿਸ ਨੂੰ ਸੋਮਵਾਰ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਰੱਦ ਕਰ ਦਿੱਤਾ। ਉਪਰੰਤ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸੁਣਵਾਈ ਦੌਰਾਨ ਜੂਨੀਅਰ ਕੋਚ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ ਆਇਦ ਕਰ ਦਿੱਤੇ।
ਦੋਸ਼ ਆਇਦ ਹੋਣ ਤੋਂ ਬਾਅਦ ਹੁਣ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ ਅਤੇ ਅਗਲੀ ਸੁਣਵਾਈ ਦੌਰਾਨ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ।
ਦੋਸ਼ ਆਇਦ ਦੀ ਪ੍ਰਕਿਰਿਆ ਨੂੰ ਲੱਗਿਆ ਡੇਢ ਸਾਲ ਤੋਂ ਵੱਧ ਦਾ ਸਮਾਂ
ਦੱਸ ਦਈਏ ਕਿ ਜੂਨੀਅਰ ਕੋਚ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਸ਼ਾਮਲ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਸੰਦੀਪ ਸਿੰਘ ਵਿਰੁੱਧ ਦੋਸ਼ ਆਇਦ ਕਰਨ ਦੀ ਪ੍ਰਕਿਰਿਆ ਨੂੰ ਡੇਢ ਸਾਲ ਤੋਂ ਵੱਧ ਸਮਾਂ ਲੱਗ ਗਿਆ ਹੈ। ਪਰ ਹੁਣ ਇਸ ਮਾਮਲੇ ਵਿੱਚ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।
ਇਹ ਸੀ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਜੂਨੀਅਰ ਮਹਿਲਾ ਕੋਚ ਨੇ 26 ਦਸੰਬਰ 2022 ਨੂੰ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਅਤੇ ਹੋਰ ਦੋਸ਼ ਲਗਾਉਂਦੇ ਹੋਏ ਚੰਡੀਗੜ੍ਹ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਜਾਂਚ ਤੋਂ ਬਾਅਦ ਪੁਲਿਸ ਨੇ 31 ਦਸੰਬਰ ਨੂੰ ਰਾਤ 11 ਵਜੇ ਸੈਕਟਰ-26 ਥਾਣੇ ਵਿੱਚ ਸੰਦੀਪ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 342, 354, 354ਏ, 354ਬੀ, 506 ਤਹਿਤ ਕੇਸ ਦਰਜ ਕੀਤਾ ਸੀ।
ਇਸ ਤੋਂ ਬਾਅਦ ਡੀਐਸਪੀ (ਪੂਰਬੀ) ਪਲਕ ਗੋਇਲ ਦੀ ਨਿਗਰਾਨੀ ਹੇਠ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਬਣਾਈ ਗਈ ਸੀ, ਜਿਸ ਵਿੱਚ ਸਾਈਬਰ ਥਾਣਾ ਇੰਚਾਰਜ ਇੰਸਪੈਕਟਰ ਰਣਜੀਤ ਸਿੰਘ, ਮਹਿਲਾ ਥਾਣਾ ਇੰਚਾਰਜ ਇੰਸਪੈਕਟਰ ਊਸ਼ਾ ਅਤੇ ਇੱਕ ਮਹਿਲਾ ਐਸਆਈ ਸ਼ਾਮਲ ਸਨ। ਐਸਆਈਟੀ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਸੰਦੀਪ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 509 ਵੀ ਜੋੜ ਦਿੱਤੀ ਸੀ।
- PTC NEWS