Barnala 'ਚ ਚਾਈਨਾ ਡੋਰ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ , ਹਾਲਤ ਗੰਭੀਰ ਹੋਣ ਕਰਕੇ ਏਮਜ਼ 'ਚ ਕੀਤਾ ਰੈਫਰ
China Dor News : ਬਸੰਤ ਪੰਚਮੀ ਦਾ ਤਿਉਹਾਰ ਭਾਵੇਂ ਖਤਮ ਹੋ ਗਿਆ ਹੈ ਪਰ ਪਤੰਗ ਉਡਾਉਣ ਦੇ ਸ਼ੌਕੀਨਾਂ ਦਾ ਜਨੂੰਨ ਅਜੇ ਵੀ ਘੱਟ ਨਹੀਂ ਹੋਇਆ ਹੈ। ਚਾਈਨਾ ਡੋਰ (China Door) ਲੋਕਾਂ ਨੂੰ ਆਪਣਾ ਸ਼ਿਕਾਰ ਬਣ ਰਹੀ ਹੈ। ਤਾਜ਼ਾ ਘਟਨਾ ਬਰਨਾਲਾ 'ਚ SD ਕਾਲਜ ਨੇੜੇ ਪੁਲ 'ਤੇ ਵਾਪਰੀ ਹੈ,ਜਿੱਥੇ ਇੱਕ ਵਿਅਕਤੀ ਚਾਈਨਾ ਡੋਰ ਦੀ ਲਪੇਟ 'ਚ ਆ ਗਿਆ ਅਤੇ ਅਚਾਨਕ ਚਾਈਨਾ ਡੋਰ ਉਸਦੇ ਮੂੰਹ 'ਚ ਫਸ ਗਈ। ਜਿਸ ਨਾਲ ਉਸਦਾ ਪੂਰਾ ਮੂੰਹ ਬੁਰੀ ਤਰ੍ਹਾਂ ਕੱਟ ਗਿਆ ਅਤੇ ਮੂੰਹ 'ਤੇ ਚਾਈਨਾ ਡੋਰ ਨਾਲ ਡੂੰਘੇ ਜ਼ਖ਼ਮ ਹੋ ਗਏ।
ਜ਼ਖਮੀ ਵਿਅਕਤੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਬਠਿੰਡਾ ਦੇ ਏਮਜ਼ 'ਚ ਰੈਫਰ ਕਰ ਦਿੱਤਾ ਹੈ। ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚਾਈਨਾ ਡੋਰ ਦੀ ਵਰਤੋਂ ਬੰਦ ਕਰਨ ਦੀ ਅਪੀਲ ਕਰ ਰਹੇ ਹਨ ਪਰ ਜ਼ਮੀਨੀ ਪੱਧਰ 'ਤੇ ਪਤੰਗ ਉਡਾਉਣ ਵਾਲੇ ਸ਼ੌਕੀਨ ਪਿੱਛੇ ਨਹੀਂ ਹਟ ਰਹੇ ਹਨ। ਸ਼ਹਿਰ ਵਾਸੀ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਮਹਿਲਾ ਦੀ ਮੌਤ
ਲੁਧਿਆਣਾ ਅਧੀਨ ਪੈਂਦੇ ਰਾਏਕੋਟ ਵਿਖੇ ਇਕ ਸਰਬਜੀਤ ਕੌਰ ਨਾਮੀ ਮਹਿਲਾ ਦੀ ਚਾਈਨਾ ਡੋਰ (China Door) ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਇੱਕ ਸਕੂਟਰ ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ । ਘਟਨਾ ਦੌਰਾਨ ਔਰਤ ਜ਼ਖਮੀ ਹੋਈ ਸਰਬਜੀਤ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮ੍ਰਿਤਕਾ ਸਰਬਜੀਤ ਕੌਰ ਰਾਏਕੋਟ ਰੋਡ ’ਤੇ ਖਾਣੇ ਦੀ ਇੱਕ ਦੁਕਾਨ ਚਲਾਉਂਦੀ ਸੀ ਅਤੇ ਆਪਣੇ ਪਿੱਛੇ ਦੋ ਸਾਲ ਦਾ ਮਾਸੂਮ ਬੱਚਾ ਛੱਡ ਗਈ ਹੈ।
ਸਕੂਲ ਤੋਂ ਘਰ ਪਰਤਦੇ ਸਮੇਂ 15 ਸਾਲਾ ਵਿਦਿਆਰਥੀ ਦੀ ਚਾਈਨਾ ਡੋਰ ਨਾਲ ਮੌਤ
ਇਸ ਤੋਂ ਲੁਧਿਆਣਾ ਜਿ਼ਲ੍ਹੇ ਅਧੀਨ ਆਉਂਦੇ ਸਮਰਾਲਾ ’ਚ ਵੀ ਬੀਤੇ ਦਿਨੀਂ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ 15 ਸਾਲਾ ਤਰਨਜੋਤ ਸਿੰਘ ਦੀ ਜਾਨ ਚਲੀ ਗਈ ਸੀ। ਤਰਨਜੋਤ ਸਿੰਘ 10ਵੀਂ ਜਮਾਤ ਵਿਚ ਪੜ੍ਹਦਾ ਸੀ ਅਤੇ ਪਰਿਵਾਰ ਦਾ ਇਕਲੋਤਾ ਪੁੱਤਰ ਸੀ। ਸਕੂਲ ਤੋਂ ਪਰਤਦਿਆਂ ਚਾਈਨਾ ਡੋਰ ਨਾਵ ਗਲ਼ਾ ਵੱਢੇ ਜਾਣ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਸ ਘਟਨਾ 'ਚ ਮ੍ਰਿਤਕ ਤਰਨਜੋਤ ਦਾ ਚਚੇਰਾ ਭਰਾ ਵੀ ਚਾਈਨਾ ਡੋਰ ਦੀ ਚਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਦੱਸ ਦੇਈਏ ਕਿ ਪੰਜਾਬ ਦੇ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਜਾਰੀ ਹੈ। ਬੈਨ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਚਾਈਨਾ ਡੋਰ ਮੌਤ ਬਣ ਕੇ ਉੱਡ ਰਹੀ ਹੈ। ਹੁਣ ਸਵਾਲ ਉੱਠਦਾ ਹੈ ਕਿ ਬੈਨ ਦੇ ਬਾਵਜੂਦ ਚਾਈਨਾ ਡੋਰ ਕਿਥੋਂ ਆ ਰਹੀ ਹੈ। ਕਿਹੜੀਆਂ ਫੈਕਟਰੀਆਂ, ਕਿਹੜਾ ਮਾਫੀਆ ਇਸ ਜ਼ਹਿਰ ਨੂੰ ਤਿਆਰ ਕਰ ਰਿਹਾ? ਦੁਕਾਨਦਾਰਾਂ ਤੱਕ ਕਿਵੇਂ ਪਹੁੰਚ ਰਹੀ ਹੈ ਇਹ ਮੌਤ ਦੀ ਡੋਰ? ਹਰ ਸਾਲ ਬਸੰਤ ਆਉਂਦਿਆਂ ਹੀ ਚਾਈਨਾ ਡੋਰ ਕਈ ਜਾਨਾਂ ਲੈ ਚੁੱਕੀ ਹੈ ,ਨੌਜਵਾਨ, ਬਜ਼ੁਰਗ, ਬੱਚੇ ਕਿਸੇ ਨੂੰ ਨਹੀਂ ਛੱਡਿਆ ਪਰ ਪ੍ਰਸ਼ਾਸਨ ਅਜੇ ਵੀ ਸੁੱਤਾ ਹੋਇਆ ਹੈ।
- PTC NEWS