Sangrur News : ਧੂਰੀ 'ਚ ਔਰਤਾਂ ਕਰਦੀਆਂ ਸੀ ਚਿੱਟੇ ਦੀ ਸਪਲਾਈ, ਹੈਰੋਇਨ ਸਮੇਤ ਇੱਕ ਹੋਰ ਮਹਿਲਾ ਤਸਕਰ ਕਾਬੂ
Sangrur News : ਯੁੱਧ ਨਸ਼ੇ ਵਿਰੁੱਧ ਸੰਗਰੂਰ ਦੀ ਧੂਰੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਧੂਰੀ ਦੇ ਵਿੱਚ ਔਰਤਾਂ ਦੇ ਵੱਲੋਂ ਨਸ਼ੇ ਦੀ ਤਸਕਰੀ ਦੀ ਚੇਨ ਬਣਾਈ ਹੋਈ ਸੀ, ਜਿਸ ਦੇ ਵਿੱਚ ਨੌਜਵਾਨਾਂ ਨੂੰ ਸਪਲਾਈ ਕਰਨ ਵਾਲੀਆਂ ਛੋਟੇ ਪੱਧਰ ਦੇ ਉੱਪਰ ਤਸਕਰਾਂ ਅਤੇ ਉਸ ਤੋਂ ਉੱਪਰ ਉਹਨਾਂ ਨੂੰ ਸਪਲਾਈ ਕਰਨ ਵਾਲੀਆਂ ਵੱਡੀਆ ਤਸਕਰ ਔਰਤਾਂ ਕੰਮ ਕਰ ਰਹੀਆਂ ਸਨ।
ਧੂਰੀ ਦੇ ਐਸਐਚਓ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਕੁਝ ਦਿਨ ਪਹਿਲਾਂ ਨਿਮੋ ਨਾਮ ਦੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸਦੇ ਪਾਸੋਂ ਸਿਰਫ ਬਹੁਤ ਥੋੜੀ ਮਾਤਰਾ ਦੇ ਵਿੱਚ ਦੋ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਪਰ ਅਸੀਂ ਉਸ ਨਿਮੋਂ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਅਤੇ ਉਸ ਤੋਂ ਪੁੱਛਗਿੱਛ ਕੀਤੀ ਕਿ ਉਹ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੀ ਹੈ ਤਾਂ ਉਹਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਉੱਪਰ ਕੰਮ ਕਰਦਿਆਂ ਹੁਣ ਧੂਰੀ ਪੁਲਿਸ ਦੇ ਹੱਥ ਸ਼ੇਰਪੁਰ ਦੀ ਰਹਿਣ ਵਾਲੀ ਮਹਿੰਦਰ ਕੌਰ ਲੱਗੀ ਹੈ।
ਜਿਸ ਦੇ ਕੋਲੋਂ ਧੂਰੀ ਪੁਲਿਸ ਨੇ 180 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐਸਐਚਓ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਅਸੀਂ ਹੁਣ ਮਹਿੰਦਰ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਾਂਗੇ ਅਤੇ ਇਸ ਦੀ ਰਿਮਾਂਡ ਲਵਾਂਗੇ ਕਿਉਂਕਿ ਜਾਣਕਾਰੀ ਅਨੁਸਾਰ ਇਹ ਚੈਨ ਅਜੇ ਟੁੱਟੀ ਨਹੀਂ ਹੈ। ਮਹਿੰਦਰ ਕੌਰ ਨਸ਼ੇ ਦੀ ਸਪਲਾਈ ਕਿੱਥੋਂ ਲੈਂਦੀ ਸੀ ਅਤੇ ਅਸੀਂ ਇਸ ਚੇਨ ਦੀ ਆਖਰੀ ਕੜੀ ਤੱਕ ਪਹੁੰਚਾਂਗੇ ਅਤੇ ਸਾਰਿਆਂ ਨੂੰ ਸਲਾਖਾਂ ਪਿੱਛੇ ਪਹੁੰਚਾਵਾਂਗੇ।
- PTC NEWS