ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹੋਲਾ-ਮਹੱਲੇ ਦੌਰਾਨ ਮੇਲੇ ਵਾਲੇ ਸਥਾਨ 'ਤੇ ਪਾਬੰਦੀਆਂ ਦੇ ਹੁਕਮ
ਸ੍ਰੀ ਅਨੰਦਪੁਰ ਸਾਹਿਬ : ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਡਾ.ਪ੍ਰੀਤੀ ਯਾਦਵ ਆਈਏਐਸ ਵੱਲੋਂ ਜ਼ਾਬਤਾ ਫ਼ੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੋਲਾ-ਮਹੱਲਾ ਦੌਰਾਨ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਉਣ ਵਾਲੀ ਆਮ ਜਨਤਾ ਤੇ ਸ਼ਰਧਾਲੂਆਂ ਨੂੰ ਮੰਗਤਿਆਂ ਤੋਂ ਹੋਣ ਵਾਲੀ ਪਰੇਸ਼ਾਨੀ ਨੂੰ ਮੁੱਖ ਰੱਖਦੇ ਹੋਏ ਤੇ ਇਨ੍ਹਾਂ ਮੰਗਤਿਆਂ ਤੋਂ ਹੋਣ ਵਾਲੀਆਂ ਚੋਰੀਆਂ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 3 ਤੋਂ 8 ਮਾਰਚ ਤੱਕ ਬਾਹਰੋਂ ਆਉਣ ਵਾਲੇ ਪੇਸ਼ੇਵਰ ਮੰਗਤਿਆਂ ਦੇ ਦਾਖ਼ਲੇ ਉਤੇ ਮੁਕੰਮਲ ਪਾਬੰਦੀ ਲਗਾਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮ ਅਨੁਸਾਰ ਕਿਹਾ ਹੈ ਕਿ ਹੋਲਾ-ਮਹੱਲਾ ਦਾ ਇਤਿਹਾਸਕ ਤਿਉਹਾਰ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ 3 ਤੋਂ 8 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਸ਼ਾਸਨ ਦੇ ਧਿਆਨ 'ਚ ਆਇਆ ਹੈ ਕਿ ਇਸ ਹੋਲੇ-ਮਹੱਲੇ ਦੌਰਾਨ ਬਾਹਰ ਦੇ ਸੂਬਿਆਂ ਤੋਂ ਕਾਫੀ ਗਿਣਤੀ 'ਚ ਮੰਗਤੇ ਪਹੁੰਚ ਜਾਂਦੇ ਹਨ।
ਕੁਝ ਮੰਗਤੇ ਤਾਂ ਇਕੱਲੇ ਤੌਰ ਉਤੇ ਆਉਂਦੇ ਹਨ ਪ੍ਰੰਤੂ ਕੁਝ ਮੰਗਤੇ ਪੇਸ਼ੇਵਰ ਲੋਕਾਂ ਵੱਲੋ ਗੱਡੀਆਂ 'ਚ ਭਰ ਕੇ ਸ਼ਹਿਰ ਵਿਚ ਛੱਡ ਦਿੱਤੇ ਜਾਂਦੇ ਹਨ। ਇਨ੍ਹਾਂ ਮੰਗਤਿਆ ਵੱਲੋਂ ਜਿੱਥੇ ਆਮ ਪਬਲਿਕ ਤੇ ਸ਼ਰਧਾਲੂਆਂ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ ਉਥੇ ਹੀ ਇਨ੍ਹਾਂ ਵੱਲੋਂ ਚੋਰੀ ਆਦਿ ਕਰਨ ਦਾ ਵੀ ਡਰ ਬਣਿਆ ਰਹਿੰਦਾ ਹੈ। ਇਸ ਲਈ ਹੋਲਾ-ਮਹੱਲੇ ਦੌਰਾਨ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਹਰੋਂ ਆਉਣ ਵਾਲੇ ਇਨ੍ਹਾਂ ਮੰਗਤਿਆਂ ਤੋਂ ਆਮ ਪਬਲਿਕ ਤੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇ।
ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੋਲਾ-ਮੁਹੱਲਾ ਦੇ ਤਿਉਹਾਰ ਮੌਕੇ 3 ਤੋਂ 9 ਮਾਰਚ ਤੱਕ ਜ਼ਿਲ੍ਹਾ ਰੂਪਨਗਰ ਦੀ ਹਦੂਰ ਅੰਦਰ ਪੈਂਦੇ ਸਮੂਹ ਮੈਰਿਜ ਪੈਲਿਸਾਂ ਤੇ ਪੈਟਰੋਲ ਪੰਪਾਂ ਉਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਆਦੇਸ਼ ਅਨੁਸਾਰ ਇਹ ਹੁਕਮ ਪਾਸ ਕਰਕੇ ਆਮ ਜਨਤਾ ਦੇ ਨਾਮ ਉਤੇ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Punjab Budget Session : ਬਜਟ ਸੈਸ਼ਨ 'ਚ ਰਾਜਪਾਲ ਦੇ ਭਾਸ਼ਣ ਦਰਮਿਆਨ ਕਾਂਗਰਸੀ ਵਿਧਾਇਕਾਂ ਵੱਲੋਂ ਹੰਗਾਮਾ
ਹੋਲਾ-ਮੁਹੱਲਾ ਦਾ ਤਿਉਹਾਰ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ 3 ਤੋਂ 8 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਮੇਲੇ 'ਚ ਲੱਖਾਂ ਦੀ ਤਾਦਾਦ 'ਚ ਦੇਸ਼-ਵਿਦੇਸ਼ ਤੋਂ ਸੰਗਤਾਂ ਮੱਥਾ ਟੇਕਣ ਆਉਂਦੀਆਂ ਹਨ। ਪ੍ਰਸ਼ਾਸਨ ਦੇ ਧਿਆਨ 'ਚ ਆਇਆ ਹੈ ਕਿ ਮੈਰਿਜ ਪੈਲਿਸਾਂ ਤੇ ਪੈਟਰੋਲ ਪੰਪਾਂ ਉਤੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਹਨ, ਜਿਸ ਕਾਰਨ ਪੈਟਰੋਲ ਪੰਪ ਤੇ ਅਣਸੁਖਾਵੀਂ ਘਟਨਾ ਵਾਪਰਨ ਦਾ ਸੰਭਾਵਨਾ ਬਣੀ ਰਹਿੰਦੀ ਹੈ। ਆਮ ਜਨਤਾ 'ਚ ਸ਼ਾਂਤੀ, ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।
- PTC NEWS