Batala ਨੇੜੇ ਅਲੀਵਾਲ ਨਹਿਰ ’ਤੇ ਬਦਮਾਸ਼ ਦਾ ਹੋਇਆ ਐਨਕਾਊਂਟਰ; ਮੁਲਜ਼ਮ ਨੇ ਪੁਲਿਸ ’ਤੇ ਕੀਤੇ 3 ਰਾਊਂਡ ਫਾਇਰ
Batala News : ਬਟਾਲਾ ਸ਼ਹਿਰ ’ਚ ਪਿਛਲੇ ਕੁਝ ਸਮੇਂ ਤੋਂ ਹੋਈਆਂ ਵੱਖ-ਵੱਖ ਫਿਰੌਤੀ ਤੇ ਫਾਇਰਿੰਗ ਦੀ ਘਟਨਾਵਾਂ ਨਾਲ ਜੁੜੇ ਮੁਲਜ਼ਮ ਅਤੇ ਪੁਲਿਸ ਵਿਚਾਲੇ ਮੁਠਭੇੜ ਹੋਈ। ਮੁਲਜ਼ਮ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਮਨ ਅੰਡਾ ਗੈਂਗ ਨਾਲ ਸਬੰਧਤ ਮਲਕੀਤ ਸਿੰਘ ਉਰਫ਼ ਬਿੱਲਾ ਚਿੱਚੜ ਨੂੰ ਹਥਿਆਰ ਦੀ ਬਰਾਮਦਗੀ ਲਈ ਲਿਜਾਣ ਦੌਰਾਨ ਉਸ ਨੇ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਐੱਸਪੀ ਬਟਾਲਾ ਪੁਲਿਸ ਰਮਨਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਵੱਖ-ਵੱਖ ਫਾਇਰਿੰਗ ਅਤੇ ਫਿਰੌਤੀ ਦੇ ਮਾਮਲਿਆਂ ਵਿੱਚ ਲੋੜੀਂਦੇ ਮਲਕੀਤ ਸਿੰਘ ਉਰਫ਼ ਬਿੱਲਾ ਚਿੱਚੜ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਫਾਇਰਿੰਗ ਦੇ ਵੱਖ-ਵੱਖ ਮਾਮਲਿਆਂ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮਲਕੀਤ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣਾ ਹਥਿਆਰ ਆਲੀਵਾਲ ਨਹਿਰ ਨੇੜੇ ਲੁਕਾ ਕੇ ਰੱਖਿਆ ਹੋਇਆ ਹੈ। ਇਸ ਸੂਚਨਾ ਦੇ ਆਧਾਰ 'ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਉਸ ਨੂੰ ਹਥਿਆਰ ਦੀ ਬਰਾਮਦਗੀ ਲਈ ਮੌਕੇ 'ਤੇ ਲੈ ਕੇ ਗਈ। ਪੁਲਿਸ ਦਾ ਦਾਅਵਾ ਹੈ ਕਿ ਉੱਥੇ ਪਹੁੰਚਣ ਤੋਂ ਬਾਅਦ ਮੁਲਜ਼ਮ ਨੇ ਪੁਲਿਸ ਨੂੰ ਚਕਮਾ ਦੇ ਕੇ ਲੁਕਾਏ ਹੋਏ ਹਥਿਆਰ ਨਾਲ ਪੁਲਿਸ ਪਾਰਟੀ 'ਤੇ ਤਿੰਨ ਰਾਊਂਡ ਫਾਇਰ ਕਰ ਦਿੱਤੇ।
ਐੱਸਪੀ ਨੇ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਆਪਣੀ ਸੁਰੱਖਿਆ ਲਈ ਜਵਾਬੀ ਕਾਰਵਾਈ ਕਰਦਿਆਂ ਦੋ ਰਾਊਂਡ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਲੱਗੀ। ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਐੱਸਪੀ ਰਮਨਿੰਦਰ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਉਰਫ਼ ਬਿੱਲਾ ਚਿੱਚੜ ਖ਼ਿਲਾਫ਼ ਕੁੱਲ 11 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਪੰਜ ਮਾਮਲੇ ਫਿਰੌਤੀ (ਐਕਸਟੋਰਸ਼ਨ) ਨਾਲ ਸਬੰਧਿਤ ਹਨ। ਪੁਲਿਸ ਅਨੁਸਾਰ ਉਹ ਅਮਨ ਅੰਡਾ ਗੈਂਗ ਲਈ ਕੰਮ ਕਰਦਾ ਸੀ ਅਤੇ ਗੈਂਗ ਦੇ ਕਹਿਣ 'ਤੇ ਵਪਾਰੀਆਂ ਤੋਂ ਫਿਰੌਤੀ ਦੀ ਮੰਗ ਕਰਦਾ ਸੀ। ਪੈਸੇ ਨਾ ਮਿਲਣ ਦੀ ਸੂਰਤ ਵਿੱਚ ਵਪਾਰਕ ਅਦਾਰਿਆਂ 'ਤੇ ਗੋਲੀਬਾਰੀ ਕਰਕੇ ਦਹਿਸ਼ਤ ਫੈਲਾਈ ਜਾਂਦੀ ਸੀ।
ਪੁਲਿਸ ਮੁਤਾਬਕ ਬਟਾਲਾ ਸ਼ਹਿਰ ਵਿੱਚ ਕੱਪੜਾ ਵਪਾਰੀ ਦੇ ਸ਼ੋਅਰੂਮ, ਫੈਸ਼ਨ ਲੰਡਨ, ਅਤੇ ਰਾਈਫਲ ਰੈਸਟੋਰੈਂਟ ਸਮੇਤ ਹੋਰ ਥਾਵਾਂ 'ਤੇ ਹੋਈਆਂ ਗੋਲੀਬਾਰੀ ਦੀਆਂ ਵਾਰਦਾਤਾਂ ਦੀ ਜਾਂਚ ਦੌਰਾਨ ਵੀ ਇਸ ਗੈਂਗ ਦੇ ਮੈਂਬਰਾਂ ਦੀ ਭੂਮਿਕਾ ਸਾਹਮਣੇ ਆਈ ਹੈ। ਇਨ੍ਹਾਂ ਮਾਮਲਿਆਂ ਵਿੱਚ ਪੁਲਿਸ ਪਹਿਲਾਂ ਹੀ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਜਾਂਚ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ : Ambala : ਜਿੰਦਗੀ ਦੀ ਜੰਗ ਹਾਰ ਗਿਆ ਮਾਸੂਮ ! 21 ਘੰਟਿਆਂ ਬਾਅਦ ਬੋਰਵੈੱਲ ’ਚੋਂ ਕੱਢਿਆ ਨਿਰਵੈਰ ਸਿੰਘ, ਇੰਝ ਵਾਪਰਿਆ ਸੀ ਹਾਦਸਾ
- PTC NEWS