Amritsar News : ਨਿੱਜੀ ਹਸਪਤਾਲ 'ਚ ਨਵ-ਵਿਆਹੁਤਾ ਦੀ ਮੌਤ, ਪਰਿਵਾਰਕ ਮੈਂਬਰਾਂ ਵੱਲੋਂ ਜ਼ੋਰਦਾਰ ਹੰਗਾਮਾ, ਡਾਕਟਰਾਂ 'ਤੇ ਗੰਭੀਰ ਆਰੋਪ
Amritsar News : ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਕੁੜੀ ਦੀ ਮੌਤ ਨੂੰ ਲੈ ਕੇ ਹੰਗਾਮਾ ਹੋਣ ਦੀ ਖ਼ਬਰ ਹੈ। ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਬਾਹਰ ਆਪਣੀ ਧੀ ਦੀ ਮੌਤ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਕੀਤਾ ਗਿਆ ਅਤੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਇਸ ਮੌਕੇ ਡਾਕਟਰਾਂ 'ਤੇ ਗੰਭੀਰ ਆਰੋਪ ਲਾਏ ਹਨ। ਸੂਚਨਾ ਮਿਲਣ 'ਤੇ ਪੁਲਿਸ ਵੀ ਪਹੁੰਚੀ ਹੋਈ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਮ੍ਰਿਤਕ ਕੁੜੀ ਦਾ ਨਾਮ ਕੇਸਰ ਭੱਟ ਹੈ, ਜਿਸ ਦੀ ਬੀਤੇ ਦਿਨ ਹਸਪਤਾਲ 'ਚ ਮੌਤ ਹੋ ਗਈ। ਇਸ ਮੌਕੇ ਪੀੜਤ ਪਰਿਵਾਰ ਨੇ ਕਿਹਾ ਕਿ 5 ਦਿਨ ਪਹਿਲਾਂ ਉਨ੍ਹਾਂ ਨੂੰ ਅਪਣੀ ਕੁੜੀ ਦੇ ਢਿੱਡ 'ਚ ਪੱਥਰੀ ਹੋਣ ਦਾ ਸ਼ੱਕ ਸੀ, ਜਿਸ ਦੇ ਚਲਦੇ ਉਨ੍ਹਾਂ ਨੇ ਇਸ ਹਸਪਤਾਲ 'ਚ ਕੁੜੀ ਨੂੰ ਵਿਖਾਇਆ। ਡਾਕਟਰ ਨੇ ਕਿਹਾ ਕਿ ਤੁਹਾਡੀ ਲੜਕੀ ਨੂੰ ਪੀਲੀਆ ਹੈ ਅਤੇ ਇਸ ਦੇ ਸਟੰਟ ਵੀ ਪਾਉਣਾ ਪੈਣਾ ਹੈ। ਪਰਿਵਾਰ ਨੇ ਕਿਹਾ ਕਿ ਡਾਕਟਰਾਂ ਵੱਲੋਂ ਕੇਸਰ ਦੇ ਸਟੰਟ ਪਾਉਣ ਤੋਂ ਬਾਅਦ 5 ਦਿਨਾਂ ਬਾਅਦ ਦੁਬਾਰਾ ਛੁੱਟੀ ਦੇ ਦਿੱਤੀ, ਪਰ ਜਦੋਂ ਉਨ੍ਹਾਂ ਦੀ ਕੁੜੀ ਨੂੰ ਮੁੜ ਦਰਦ ਉੱਠੀ ਤੇ ਉਨ੍ਹਾਂ ਨੇ ਘਰ ਦੇ ਨਜ਼ਦੀਕ ਇੱਕ ਡਾਕਟਰ ਨੂੰ ਦਿਖਾਇਆ ਤੇ ਪਤਾ ਲੱਗਾ ਕਿ ਉਨ੍ਹਾਂ ਦੀ ਲੜਕੀ ਦੇ ਤਾਂ ਕੋਈ ਸਟੰਟ ਪਾਇਆ ਹੀ ਨਹੀਂ ਗਿਆ। ਉਪਰੰਤ ਜਦੋਂ ਉਹ ਮੁੜ ਇਸ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਪੁੱਜੇ ਤਾਂ ਕੇਸਰ ਦੀ ਮੌਤ ਹੋ ਗਈ।
ਡਾਕਟਰਾਂ ਨੇ ਨਕਾਰੇ ਆਰੋਪ
ਉਧਰ, ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਜਦੋਂ ਸਾਡੇ ਕੋਲ ਮਰੀਜ਼ ਆਈਆ ਸੀ ਤੇ ਬਹੁਤ ਹੀ ਗੰਭੀਰ ਅਵਸਥਾ ਦੇ ਵਿੱਚ ਸੀ, ਉਸਦੇ ਪੱਸ ਪਈ ਹੋਈ ਸੀ ਤੇ ਉਸ ਦੇ ਅੰਦਰ ਸਾਰਾ ਜ਼ਹਿਰ ਫੈਲਿਆ ਹੋਇਆ ਸੀ। ਡਾਕਟਰਾਂ ਨੇ ਕਿਹਾ ਕਿ ਅਸੀਂ ਸਟੰਟ ਪਾਇਆ ਸੀ, ਪਰ ਕਿਸੇ ਵਕਤ ਗਰਮੀ ਦੇ ਨਾਲ ਨਿਕਲ ਵੀ ਸਕਦਾ ਹੈ, ਜਿਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਕੁੜੀ ਆਪਣੇ ਆਪ 5 ਦਿਨ ਬਾਅਦ ਹਸਪਤਾਲ 'ਚੋਂ ਗਾਇਬ ਹੋ ਗਈ ਸੀ ਤੇ ਉਲਟਾ ਇਲਜ਼ਾਮ ਸਾਡੇ ਦੇ ਲਗਾ ਰਹੇ ਹਨ, ਜੋ ਕਿ ਬਿਲਕੁਲ ਬੇਬੁਨਿਆਦ ਹਨ।
ਪੁਲਿਸ ਦਾ ਕੀ ਹੈ ਕਹਿਣਾ
ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਮੌਕੇ 'ਤੇ ਪੁੱਜੇ ਹਾਂ ਤੇ ਜਾਂਚ ਕੀਤੀ ਜਾ ਰਹੀ ਹੈ। ਡਾਕਟਰਾਂ ਨੇ ਦੱਸਿਆ ਕਿ ਸਵੇਰੇ ਕੁੜੀ ਨੂੰ ਇਲਾਜ ਲਈ ਲਿਆਦਾ ਗਿਆ ਸੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਦਰਜ ਕਰਵਾਈ ਗਈ। ਮਾਮਲੇ ਵਿੱਚ ਜਿਸ ਦਾ ਵੀ ਕਸੂਰ ਹੋਏਗਾ, ਉਸ ਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
- PTC NEWS