Barnala News : ਧਨੌਲਾ ਮੰਦਿਰ ਹਾਦਸੇ ‘ਚ ਜ਼ਖਮੀ ਹੋਏ ਹਲਵਾਈ ਦੀ ਇਲਾਜ ਦੌਰਾਨ ਮੌਤ, 4 ਬੱਚਿਆਂ ਦਾ ਪਿਤਾ ਸੀ ਮ੍ਰਿਤਕ
Barnala News : ਬਰਨਾਲਾ ਦੇ ਧਨੌਲਾ ਸ਼ਹਿਰ ਦੇ ਪ੍ਰਾਚੀਨ ਵਰਨੇਵਾਲਾ ਹਨੂੰਮਾਨ ਮੰਦਿਰ ਵਿੱਚ ਡੀਜ਼ਲ ਭੱਠੀ ਵਿੱਚ ਡੀਜ਼ਲ ਪਾਉਂਦੇ ਸਮੇਂ ਹੋਏ ਧਮਾਕੇ ਕਾਰਨ ਭਿਆਨਕ ਅੱਗ ਲੱਗ ਗਈ ਸੀ। ਇਸ ਹਾਦਸੇ ਵਿੱਚ ਬੁਰੀ ਤਰ੍ਹਾਂ ਝੁਲਸੇ ਹਲਵਾਈ ਰਾਮ ਜਤਨ ਦੀ ਫਰੀਦਕੋਟ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਬਰਨਾਲਾ ਦਾ ਰਹਿਣ ਵਾਲਾ ਮ੍ਰਿਤਕ ਹਲਵਾਈ ਰਾਮ ਜਤਨ ਪਿਛਲੇ 20 ਸਾਲਾਂ ਤੋਂ ਵੱਧ ਹਲਵਾਈ ਦਾ ਕੰਮ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ, ਤਿੰਨ ਪੁੱਤਰ ਅਤੇ ਇੱਕ ਧੀ ਛੱਡ ਗਿਆ ਹੈ।
ਦਰਅਸਲ 'ਚ ਬੀਤੇ ਮੰਗਲਵਾਰ ਬਰਨਾਲਾ ਦੇ ਧਨੌਲਾ ਸਥਿਤ ਸ਼੍ਰੀ ਹਨੂੰਮਾਨ ਜੀ ਦੇ ਪ੍ਰਾਚੀਨ ਮੰਦਰ ਵਿਖੇ ਲੰਗਰ ਹਾਲ ਦੀ ਰਸੋਈ ਵਿੱਚ ਤੇਲ ਵਾਲੀ ਭੱਠੀ ਵਿੱਚ ਤੇਲ ਪਾਉਂਦੇ ਸਮੇਂ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ ਸੀ। ਜਿਸ ਵਿਚ 16 ਲੋਕ ਬੁਰੀ ਤਰ੍ਹਾਂ ਝੁਲਸ ਗਏ ਸਨ। ਜਿਨ੍ਹਾਂ ਵਿੱਚੋਂ 6 ਮਰੀਜ਼ਾਂ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ, ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਸੀ। ਹਾਦਸੇ ਦੌਰਾਨ ਜ਼ਖਮੀ ਹੋਏ 16 ਮਰੀਜ਼ਾਂ ਵਿੱਚੋਂ 9 ਪੁਰਸ਼ ਅਤੇ 7 ਔਰਤਾਂ ਸਨ।
ਇਸ ਹਾਦਸੇ ਤੋਂ ਬਾਅਦ ਹਲਵਾਈ ਯੂਨੀਅਨ ਬਰਨਾਲਾ ਵੱਲੋਂ ਬਰਨਾਲਾ ਦੇ ਸ਼ਾਂਤੀ ਹਾਲ ਵਿੱਚ ਜ਼ਿਲ੍ਹਾ ਪੱਧਰੀ ਇੱਕ ਮੀਟਿੰਗ ਕੀਤੀ ਗਈ, ਜਿੱਥੇ ਦੁਖਦਾਈ ਘਟਨਾ ਨੂੰ ਲੈ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ। ਉੱਥੇ ਹਲਵਾਈ ਯੂਨੀਅਨ ਬਰਨਾਲਾ ਵੱਲੋਂ ਪੰਜਾਬ ਸਰਕਾਰ, ਸੰਗਰੂਰ ਤੋਂ ਆਪ ਸੰਸਦ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੰਦਰ ਦੇ ਪ੍ਰਬੰਧਕਾਂ ਤੋਂ ਇਸ ਪਰਿਵਾਰ ਦੀ ਆਰਥਿਕ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਹਲਵਾਈ ਯੂਨੀਅਨ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੰਦਭਾਗੀ ਘਟਨਾ ਨਾਲ ਉਹ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਮ੍ਰਿਤਕ ਹਲਵਾਈ ਰਾਮ ਜਤਨ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸਹਾਰਾ ਸੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਿੱਥੇ ਵੀ ਵੱਡੇ ਪੱਧਰ ‘ਤੇ ਧਾਰਮਿਕ ਸਥਾਨਾਂ 'ਤੇ ਸਮਾਗਮ ਕਰਵਾਏ ਜਾਂਦੇ ਹਨ ,ਉੱਥੇ ਪੱਕੇ ਤੌਰ ‘ਤੇ ਫਾਇਰ ਸੇਫਟੀ ਦੇ ਪ੍ਰਬੰਧ ਹੋਣੇ ਲਾਜ਼ਮੀ ਹਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ ਅਤੇ ਮੌਕੇ ‘ਤੇ ਕਾਬੂ ਪਾਇਆ ਜਾ ਸਕੇ।
- PTC NEWS