Saras Mela 2025 : 14 ਮਾਰਚ ਤੋਂ ਸ਼ੁਰੂ ਹੋ ਰਿਹਾ ਅੰਮ੍ਰਿਤਸਰ 'ਚ 'ਸਰਸ ਮੇਲਾ', ਕਈ ਦੇਸ਼ਾਂ ਦੀਆਂ ਕਲਾਕ੍ਰਿਤਾਂ ਤੇ ਵੱਡੇ ਗਾਇਕਾਂ ਦੀ ਵੇਖਣ ਨੂੰ ਮਿਲੇਗੀ ਪੇਸ਼ਕਾਰੀ, ਜਾਣੋ ਸ਼ਡਿਓਲ
Saras Mela Amritsar 2025 : 14 ਮਾਰਚ ਤੋਂ ਸ਼ੁਰੂ ਹੋਣ ਵਾਲੇ ਸਰਸ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੰਮ੍ਰਿਤਸਰ ਵਾਸੀਆਂ ਨੂੰ ਇਸ ਮੇਲੇ ਦਾ ਆਨੰਦ ਮਾਨਣ ਲਈ ਖੁੱਲਾ ਸੱਦਾ ਦਿੱਤਾ ਹੈ।
ਦੇਸ਼-ਵਿਦੇਸ਼ ਕਾਰੀਗਰ ਲਗਾਉਣਗੇ ਪ੍ਰਦਰਸ਼ਨੀਆਂ
ਅੱਜ ਇਸ ਸਬੰਧੀ ਕੀਤੀ ਮੀਟਿੰਗ ਵਿੱਚ ਤਿਆਰੀਆਂ ਦਾ ਜਾਇਜ਼ਾ ਲੈਣ ਮਗਰੋਂ ਉਨ੍ਹਾਂ ਨੇ ਦੱਸਿਆ ਕਿ ਸਰਸ ਮੇਲੇ ਵਿੱਚ ਇਸ ਵਾਰ ਭਾਰਤ ਦੇ ਸਾਰੇ ਰਾਜਾਂ ਤੋਂ ਇਲਾਵਾ ਅਫਗਾਨਿਸਤਾਨ, ਥਾਈਲੈਂਡ ਅਤੇ ਇਰਾਨ ਤੋਂ ਵੀ ਹਸਤ ਕਲਾ ਦੇ ਕਾਰੀਗਰਾਂ ਨੇ ਸ਼ਿਰਕਤ ਕੀਤੀ ਹੈ। ਉਨ੍ਹਾਂ ਦੱਸਿਆ ਕਿ 14 ਮਾਰਚ ਤੋਂ 23 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਜਿੱਥੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ ਸਮਾਨ ਦੀ ਪ੍ਰਦਰਸ਼ਨੀ ਅਤੇ ਖਰੀਦ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਸਪੈਸ਼ਲ ਬੱਚਿਆਂ ਵੱਲੋਂ ਆਪਣੇ ਹੱਥਾਂ ਨਾਲ ਬਣਾਈਆਂ ਹੋਈਆਂ ਕਿਰਤਾਂ ਦਾ ਸਟਾਲ ਵੀ ਮੇਲੇ ਦਾ ਆਕਰਸ਼ਣ ਹੋਵੇਗਾ। ਰੋਜਾਨਾ ਸ਼ਾਮ ਨੂੰ 6.30 ਵਜੇ ਪੰਜਾਬੀ ਦੇ ਵੱਡੇ ਗਾਇਕ ਮੇਲੇ ਵਿੱਚ ਲੋਕਾਂ ਦਾ ਮਨੋਰੰਜਨ ਕਰਨਗੇ।
ਕਿਹੜੇ-ਕਿਹੜੇ ਗਾਇਕ ਭਰਨਗੇ ਮੇਲੇ 'ਚ ਹਾਜ਼ਰੀ ?
ਉਨ੍ਹਾਂ ਦੱਸਿਆ ਕਿ ਮੇਲੇ ਵਿੱਚ 15 ਮਾਰਚ ਨੂੰ ਪੰਜਾਬ ਦੇ ਲੋਕ ਗਾਇਕ ਹਰਭਜਨ ਮਾਨ, 16 ਮਾਰਚ ਨੂੰ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ, 17 ਮਾਰਚ ਨੂੰ ਪੰਜਾਬੀ ਗਾਇਕ ਜੈ ਸਿੰਘ, 18 ਮਾਰਚ ਨੂੰ ਭੰਗੜਾ ਨਾਈਟ ਨਾਲ ਪ੍ਰਸਿੱਧ ਗਾਇਕ ਗੁਰਪ੍ਰੀਤ ਗਿੱਲ, 19 ਮਾਰਚ ਨੂੰ ਜਿਉਣਾ ਅਦਲੀਵਾਲ ਅਤੇ ਮੌਂਟੀ ਵਾਰਸ ਵੀ, 20 ਮਾਰਚ ਨੂੰ ਹਰਿੰਦਰ ਸੋਹਲ, 21 ਮਾਰਚ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ ਅਤੇ 22 ਮਾਰਚ ਨੂੰ ਨਿਰਵੈਰ ਪੰਨੂ ਦਰਸ਼ਕਾਂ ਦੇ ਰੂਬਰੂ ਹੋਣਗੇ। ਉਹਨਾਂ ਕਿਹਾ ਕਿ 15 ਮਾਰਚ, 16 ਮਾਰਚ, 21 ਮਾਰਚ ਅਤੇ 22 ਮਾਰਚ ਨੂੰ ਟਿਕਟ ਕਾਊਂਟਰ ਵੀ ਸ਼ਾਮ ਸਾਢੇ 6 ਵਜੇ ਬੰਦ ਕਰ ਦਿੱਤੇ ਜਾਣਗੇ।
ਮੇਲੇ 'ਚ ਦਰਸ਼ਕਾਂ ਲਈ ਖਾਸ ਪ੍ਰਬੰਧ
ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਆਉਣ ਵਾਲੇ ਮੇਲੀਆਂ ਲਈ ਪਾਰਕਿੰਗ ਦਾ ਪੁਖਤਾ ਪ੍ਰਬੰਧ ਮੇਲਾ ਗਰਾਉਂਡ ਦੇ ਬਿਲਕੁਲ ਸਾਹਮਣੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤੁਰਨ ਫਿਰਨ ਤੋਂ ਅਸਮਰੱਥ ਦਰਸ਼ਕਾਂ ਲਈ ਵਲੰਟੀਅਰ ਅਤੇ ਵੀਲ੍ਹਚੇਅਰ ਦਾ ਪ੍ਰਬੰਧ ਵੀ ਉਹਨਾਂ ਦੀ ਸਹੂਲਤ ਲਈ ਕਰ ਦਿੱਤਾ ਗਿਆ। ਉਨ੍ਹਾਂ ਅੰਮ੍ਰਿਤਸਰ ਵਾਸੀਆਂ ਅਤੇ ਅੰਮ੍ਰਿਤਸਰ ਆਏ ਹੋਏ ਸੈਲਾਨੀਆਂ ਨੂੰ ਇਸ ਮੇਲੇ ਦਾ ਆਨੰਦ ਲੈਣ ਲਈ ਸੱਦਾ ਦਿੰਦੇ ਹੋਏ ਕਿਹਾ ਕਿ ਆਓ ਮੇਲੇ ਦਾ ਆਨੰਦ ਮਾਣੋ ਅਤੇ ਵੱਖ-ਵੱਖ ਰਾਜਾਂ ਤੋਂ ਆਏ ਹੋਏ ਹਸਤ ਕਲਾ ਦੇ ਮਾਹਿਰ ਕਾਰੀਗਰਾਂ ਦਾ ਹੌਸਲਾ ਵਧਾਓ।
- PTC NEWS