Punjabi Died in UK : ਕਪੂਰਥਲਾ ਦੇ ਨੌਜਵਾਨ ਦੀ ਇੰਗਲੈਂਡ 'ਚ ਸ਼ੱਕੀ ਹਾਲਾਤਾਂ 'ਚ ਮੌਤ, ਜੱਦੀ ਪਿੰਡ 'ਚ ਨਮ ਅੱਖਾਂ ਹੇਠ ਹੋਇਆ ਹਰਮਨਜੋਤ ਦਾ ਸਸਕਾਰ
Punjabi Died in UK : ਪੰਜਾਬ ਦੇ ਕਪੂਰਥਲਾ (Kapurthala) ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਦੀ ਇੰਗਲੈਂਡ 'ਚ ਮੌਤ ਹੋਣ ਤੋਂ ਪਿੱਛੋਂ ਸ਼ਨੀਵਾਰ ਮ੍ਰਿਤਕ ਦੇਹ ਪੰਜਾਬ ਪਹੁੰਚੀ। ਜਾਣਕਾਰੀ ਅਨੁਸਾਰ 23 ਸਾਲਾ ਨੌਜਵਾਨ ਸੁਨਹਿਰੇ ਭਵਿੱਖ ਦੀ ਆਸ 'ਚ ਤਕਰੀਬਨ ਡੇਢ ਸਾਲ ਪਹਿਲਾਂ ਇੰਗਲੈਂਡ (Punjabi Death in UK) ਗਿਆ ਸੀ। ਨੌਜਵਾਨ ਦੀ ਪਛਾਣ ਹਰਮਨਜੋਤ ਸਿੰਘ ਪੁੱਤਰ ਮਰਹੂਮ ਕੁਲਵੰਤ ਸਿੰਘ ਵੱਜੋਂ ਹੋਈ ਸੀ।
ਜਾਣਕਾਰੀ ਅਨੁਸਾਰ ਪਿੰਡ ਲੱਖਣ ਕੇ ਪੱਡਾ ਨਾਲ ਸਬੰਧਤ ਹਰਮਨਜੋਤ ਸਿੰਘ ਦੀ ਮ੍ਰਿਤਕ ਦੇਹ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਮ੍ਰਿਤਕ ਦੇਹ ਨੂੰ ਲੈਣ ਲਈ ਨੌਜਵਾਨ ਦੇ ਰਿਸ਼ਤੇਦਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹਵਾਈ ਅੱਡੇ 'ਤੇ ਪਹੁੰਚੇ ਸਨ।
ਇਸ ਮੌਕੇ ਮੰਤਰੀ ਧਾਲੀਵਾਲ ਨੇ ਪਰਿਵਾਰ ਨਾਲ ਨੂੰ ਹੋਸਲਾ ਦਿੰਦਿਆਂ ਕਿਹਾ ਕਿ ਨੌਜਵਾਨ ਦੀ ਮੌਤ ਦੇ ਕਾਰਨਾਂ ਦੀ ਪੜਤਾਲ ਇੰਗਲੈਂਡ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ, ਤਾਂ ਜੋ ਮੌਤ ਦਾ ਕਾਰਨ ਸਾਹਮਣੇ ਆ ਸਕੇ।
ਏਅਰਪੋਰਟ ਅਥਾਰਟੀ ਤੋਂ ਮ੍ਰਿਤਕ ਦੇਹ ਪ੍ਰਾਪਤ ਕਰਨ ਹਰਮਨਜੋਤ ਦੀ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਲਿਆਂਦਾ ਗਿਆ। ਉਪਰੰਤ ਹਰਮਨਜੋਤ ਸਿੰਘ ਦਾ ਅੰਤਮ ਸੰਸਕਾਰ ਪਿੰਡ ਲੱਖਣ ਕੇ ਪੱਡਾ ਵਿਖੇ ਕਰ ਦਿੱਤਾ ਗਿਆ ਹੈ। ਮਿਰਤਿਕ ਦੀ ਅੰਤਿਮ ਯਾਤਰਾ ਵਿੱਚ ਰਿਸ਼ਤੇਦਾਰ, ਸਕੇ ਸੰਬੰਧੀ ਅਤੇ ਵੱਡੀ ਗਿਣਤੀ ਪਿੰਡ ਵਾਸੀ ਸ਼ਾਮਲ ਸਨ।
ਦੱਸ ਦਈਏ ਕਿ ਨੌਜਵਾਨ ਹਰਮਨਜੋਤ ਦੀ ਪਿਛਲੇ ਫਰਵਰੀ ਮਹੀਨੇ ਇੰਗਲੈਂਡ ਦੇ ਸ਼ਹਿਰ ਹੈਲੀਫੈਕਸ ਵੈਸਟ ਯੌਰਕਸ਼ਾਇਰ (ਬਰੈਡਫੋਰਡ) ਵਿੱਚ ਸ਼ੱਕੀ ਹਾਲਤਾਂ 'ਚ ਬੇਹੋਸ਼ ਮਿਲਿਆ ਸੀ , ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ।
- PTC NEWS