IAF to retire MiG-21 : ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਮਿਗ-21 ਦੀ 62 ਸਾਲਾਂ ਬਾਅਦ ਵਿਦਾਈ, ਕਈ ਵਾਰ ਛੁਡਵਾਏ ਦੁਸ਼ਮਣਾਂ ਦੇ ਛੱਕੇ
IAF to retire MiG-21 : ਭਾਰਤੀ ਹਵਾਈ ਸੈਨਾ (IAF) ਦਾ ਸਭ ਤੋਂ ਪ੍ਰਮੁੱਖ ਲੜਾਕੂ ਜਹਾਜ਼ ਮਿਗ-21 ਹੁਣ ਵਿਦਾਈ ਲਈ ਤਿਆਰ ਹੈ। ਪਿਛਲੇ 62 ਸਾਲਾਂ ਵਿੱਚ ਹਰ ਛੋਟੇ-ਵੱਡੇ ਫੌਜੀ ਯੁੱਧ ਵਿੱਚ ਫੌਜ ਦੀ ਮਦਦ ਕਰਨ ਵਾਲਾ ਸੁਪਰਸੋਨਿਕ ਲੜਾਕੂ ਜਹਾਜ਼ 19 ਸਤੰਬਰ ਨੂੰ ਰਸਮੀ ਤੌਰ 'ਤੇ ਅਲਵਿਦਾ ਹੋ ਜਾਵੇਗਾ। ਚੰਡੀਗੜ੍ਹ ਏਅਰਬੇਸ 'ਤੇ ਲੜਾਕੂ ਜਹਾਜ਼ ਲਈ ਵਿਦਾਇਗੀ ਪ੍ਰੋਗਰਾਮ ਹੋਵੇਗਾ। ਇਸ ਤੋਂ ਬਾਅਦ ਜਹਾਜ਼ਾਂ ਦੀਆਂ ਸੇਵਾਵਾਂ ਅਧਿਕਾਰਤ ਤੌਰ 'ਤੇ ਖਤਮ ਹੋ ਜਾਣਗੀਆਂ।
ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਇਸ ਸਾਲ ਸਤੰਬਰ ਤੱਕ ਮਿਗ-21 ਲੜਾਕੂ ਜਹਾਜ਼ਾਂ ਨੂੰ ਪੜਾਅਵਾਰ ਬਾਹਰ ਕਰ ਦੇਵੇਗੀ। ਇਸ ਜਹਾਜ਼ ਨੂੰ ਚਲਾਉਣ ਵਾਲੇ ਸਕੁਐਡਰਨ ਇਸ ਸਮੇਂ ਰਾਜਸਥਾਨ ਦੇ ਨਲ ਏਅਰਬੇਸ 'ਤੇ ਹਨ। ਉਨ੍ਹਾਂ ਕਿਹਾ ਕਿ ਐਲਸੀਏ ਮਾਰਕ 1ਏ ਜਹਾਜ਼ ਭਾਰਤੀ ਹਵਾਈ ਸੈਨਾ ਵਿੱਚ ਮਿਗ-21 ਜਹਾਜ਼ ਦੀ ਥਾਂ ਲਵੇਗਾ।
ਭਾਰਤ ਦਾ ਪਹਿਲਾ ਸੁਪਰਸੋਨਿਕ ਜਹਾਜ਼
ਮਿਗ-21 ਭਾਰਤ ਦਾ ਪਹਿਲਾ ਸੁਪਰਸੋਨਿਕ ਲੜਾਕੂ ਜਹਾਜ਼ ਸੀ। ਇਸਨੂੰ 1963 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ। ਇਸ ਜਹਾਜ਼ ਨੇ 1960 ਅਤੇ 70 ਦੇ ਦਹਾਕੇ ਵਿੱਚ ਤਕਨੀਕੀ ਰੂਪ ਨਾਲ ਤਰੱਕੀ ਹਾਸਲ ਕੀਤੀ। ਭਾਰਤੀ ਹਵਾਈ ਸੈਨਾ ਕੋਲ ਇਸ ਸਮੇਂ ਮਿਗ 21 ਦੇ ਕਈ ਮਾਡਲ ਹਨ। ਮਿਗ 21 ਜਹਾਜ਼ ਨੇ 1965 ਦੀ ਭਾਰਤ-ਪਾਕਿਸਤਾਨ ਜੰਗ, 1971 ਵਿੱਚ ਬੰਗਲਾਦੇਸ਼ ਮੁਕਤੀ ਜੰਗ, 1999 ਦੀ ਕਾਰਗਿਲ ਜੰਗ ਅਤੇ 2019 ਵਿੱਚ ਬਾਲਾਕੋਟ ਹਵਾਈ ਹਮਲੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਕਿਹਾ ਜਾਂਦਾ ਹੈ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਵੀ ਅੰਤਿਮ ਕਿਰਿਆਸ਼ੀਲ ਮਿਗ 21 ਅਲਰਟ 'ਤੇ ਸੀ।
ਉਡਤਾ ਤਾਬੂਤ ਦਿੱਤਾ ਗਿਆ ਨਾਮ
ਲਗਭਗ 175 ਕਰੋੜ ਰੁਪਏ ਦੀ ਕੀਮਤ ਵਾਲਾ ਮਿਗ-21 ਰੂਸ ਤੋਂ ਖਰੀਦਿਆ ਗਿਆ ਸੀ। ਭਾਰਤ ਸਰਕਾਰ ਨੇ 874 ਮਿਗ-21 ਖਰੀਦੇ ਸਨ। ਦੁਨੀਆ ਦੇ ਲਗਭਗ ਸੱਠ ਦੇਸ਼ਾਂ ਨੇ ਆਪਣੇ ਲੜਾਕੂ ਜਹਾਜ਼ਾਂ ਦੇ ਬੇੜੇ ਵਿੱਚ 'ਮਿਗ-21' ਸੁਪਰਸੋਨਿਕ ਨੂੰ ਸ਼ਾਮਲ ਕੀਤਾ ਸੀ। ਪਿਛਲੇ ਕੁਝ ਸਾਲਾਂ ਵਿੱਚ ਇਸ ਜਹਾਜ਼ ਦੇ ਕਰੈਸ਼ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਤੋਂ ਬਾਅਦ ਇਸਨੂੰ ਉਡਤਾ ਤਾਬੂਤ ਕਿਹਾ ਜਾਣ ਲੱਗਾ। ਇਸ ਤੋਂ ਬਾਅਦ ਜਹਾਜ਼ ਨੂੰ ਰਿਟਾਇਰ ਕਰਨ ਬਾਰੇ ਚਰਚਾਵਾਂ ਸ਼ੁਰੂ ਹੋ ਗਈਆਂ ਸਨ।
ਸਭ ਤੋਂ ਲੰਬੇ ਸਮੇਂ ਤੱਕ ਰਿਹਾ ਹਵਾਈ ਸੈਨਾ ਦਾ ਹਿੱਸਾ
ਜਹਾਜ਼ ਮਾਹਿਰਾਂ ਦੇ ਅਨੁਸਾਰ ਮਿਗ-21 ਸਭ ਤੋਂ ਲੰਬੇ ਸਮੇਂ ਤੱਕ ਭਾਰਤੀ ਹਵਾਈ ਸੈਨਾ ਦਾ ਹਿੱਸਾ ਰਿਹਾ ਹੈ। 1965 ਤੋਂ ਇਹ ਹਰ ਫੌਜੀ ਕਾਰਵਾਈ ਵਿੱਚ ਸ਼ਾਮਲ ਰਿਹਾ ਹੈ। ਇਸਦੀ ਸੇਵਾਮੁਕਤੀ ਇੱਕ ਬਹੁਤ ਹੀ ਭਾਵਨਾਤਮਕ ਪਲ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਹਵਾਈ ਸੈਨਾ ਦੇ ਸਾਰੇ ਸੀਨੀਅਰ ਅਧਿਕਾਰੀ ਚੰਡੀਗੜ੍ਹ ਵਿੱਚ ਹੋਣ ਵਾਲੇ ਵਿਦਾਇਗੀ ਸਮਾਰੋਹ ਵਿੱਚ ਹਿੱਸਾ ਲੈਣਗੇ।
- PTC NEWS