Jalandhar Girl Murder Case : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਲੰਧਰ ਵਿਖੇ ਕਤਲ ਕੀਤੀ ਬੱਚੀ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
Jalandhar Girl Murder Case : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਲੰਧਰ ਵਿੱਚ ਕਤਲ ਕੀਤੀ ਗਈ 13 ਸਾਲਾ ਬੱਚੀ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਪੁੱਜੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਬੱਚੀ ਦੀ ਆਤਮਿਕ ਸ਼ਾਂਤੀ ਲਈ ਖੁਦ ਅਰਦਾਸ ਕੀਤੀ ਅਤੇ ਹਾਜ਼ਰ ਸੰਗਤ ਨੂੰ ਹੁਕਮਨਾਮਾ ਵੀ ਸਰਵਣ ਕਰਵਾਇਆ।
ਇਸ ਦੌਰਾਨ ਜਥੇਦਾਰ ਗੜਗੱਜ ਨੇ ਪਰਿਵਾਰ ਪਾਸੋਂ ਸਮੁੱਚੀ ਘਟਨਾ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਮੁੱਚੀ ਸਿੱਖ ਕੌਮ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਦੋਸ਼ੀ ਵਿਅਕਤੀ ਦੀ ਸ਼ੈਤਾਨ ਸੋਚ ਹੈ ਅਤੇ ਇਸ ਦੀ ਜਿਤਨੀ ਨਿਖੇਧੀ ਕੀਤੀ ਜਾਵੇ ਉਹ ਘੱਟ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਅਤੇ ਹਿਰਦਿਆਂ ਨੂੰ ਵਲੂੰਧਰਣ ਵਾਲੀ ਹੈ ਕਿਉਂਕਿ 13 ਸਾਲ ਦੀ ਬੱਚੀ ਨੂੰ ਬਹੁਤ ਹੀ ਦਰਿੰਦਗੀ ਦੇ ਨਾਲ ਕਤਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਹ ਖਾਸਾ ਹੈ ਕਿ ਇੱਥੇ ਧੀਆਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਭਾਵੇਂ ਇੱਥੇ ਜੰਗਾਂ ਵੀ ਹੋਈਆਂ ਤਾਂ ਕਿਸੇ ਦੀ ਧੀ ਭੈਣ ਨਾਲ ਕੋਈ ਅਜਿਹਾ ਨਹੀਂ ਕਰਦਾ।
ਜਥੇਦਾਰ ਗੜਗੱਜ ਨੇ ਕਿਹਾ ਕਿ ਜਦੋਂ ਪਰਿਵਾਰ ਨੂੰ ਬੱਚੀ ਨਹੀਂ ਲੱਭ ਰਹੀ ਸੀ ਤਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਪੁਲਿਸ ਅਧਿਕਾਰੀ ਦੋਸ਼ੀ ਵਿਅਕਤੀ ਦੀ ਘਰੋਂ ਬਰੀਕੀ ਨਾਲ ਜਾਂਚ ਕਰੇ ਬਿਨਾਂ ਹੀ ਵਾਪਸ ਆ ਗਏ। ਬਾਅਦ ਵਿੱਚ ਹੋਰ ਸਖ਼ਤੀ ਹੋਣ ਉੱਤੇ ਬੱਚੀ ਦੀ ਲਾਸ਼ ਦੋਸ਼ੀ ਦੇ ਘਰੋਂ ਹੀ ਮਿਲੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿੱਚ ਸ਼ੁਰੂ ਵਿੱਚ ਅਣਗਹਿਲੀ ਵਰਤਣ ਵਾਲੇ ਸਬੰਧਤ ਪੁਲਿਸ ਅਧਿਕਾਰੀ ਬਰਖਾਸਤ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਇਸ ਮਾਮਲੇ ਵਿੱਚ ਦੇਰੀ ਨਹੀਂ ਸੀ ਹੋਣੀ ਚਾਹੀਦੀ।
ਜਥੇਦਾਰ ਗੜਗੱਜ ਨੇ ਕਿਹਾ ਕਿ ਦੋਸ਼ੀ ਵਿਅਕਤੀ ਸਮਾਜ ਵਿੱਚ ਇੱਕ ਦਰਿੰਦਾ ਹੈ ਜਿਸ ਨੂੰ ਕਾਨੂੰਨ ਮੁਤਾਬਕ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦਰਿੰਦੇ ਭਾਵੇਂ ਉਹ ਕਿਸੇ ਵੀ ਸੂਬੇ ਜਾਂ ਧਰਮ ਦੇ ਹੋਣ, ਉਨ੍ਹਾਂ ਨੂੰ ਜੇਕਰ ਫਾਂਸੀ ਹੋਵੇਗੀ ਤਾਂ ਅਜਿਹੇ ਪਾਪ ਦੁਨੀਆ ਤੋਂ ਰੁਕਣਗੇ। ਉਨ੍ਹਾਂ ਕਿਹਾ ਇਨਸਾਫ਼ ਦੀ ਲੜਾਈ ਵਿੱਚ ਉਹ ਪਰਿਵਾਰ ਦੇ ਨਾਲ ਹਨ। ਜਥੇਦਾਰ ਗੜਗੱਜ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਸਮਾਜ ਵਿੱਚ ਅਜਿਹੇ ਦਰਿੰਦਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹਾ ਅਪਰਾਧ ਪੰਜਾਬ ਦਾ ਖਾਸਾ ਨਹੀਂ।
- PTC NEWS