Canada 'ਚ ਕਪਿਲ ਸ਼ਰਮਾ ਦੇ ਕੈਫੇ 'ਤੇ ਮੁੜ ਹੋਈ ਫਾਈਰਿੰਗ, ਲਾਰੈਂਸ ਅਤੇ ਗੋਲਡੀ ਗੈਂਗ ਨੇ ਲਈ ਜ਼ਿੰਮੇਵਾਰੀ
Kapil Sharma Cafe Firing : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਥਿਤ ਕੈਫੇ (ਕੈਪਸ ਕੈਫੇ) 'ਤੇ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਗੋਲਡੀ ਢਿੱਲੋਂ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਇੱਕ ਮਹੀਨੇ ਵਿੱਚ ਦੂਜੀ ਵਾਰ ਗੋਲੀਬਾਰੀ ਹੋਈ ਹੈ। ਹਮਲਾਵਰ ਨੇ ਗੋਲੀਬਾਰੀ ਦੀ ਵੀਡੀਓ ਵੀ ਬਣਾਈ ਹੈ, ਜੋ ਵਾਇਰਲ ਹੋ ਰਹੀ ਹੈ।
ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ ਦਾ 9 ਸਕਿੰਟ ਦਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਕੁਝ ਲੋਕ ਕਾਰ ਵਿੱਚ ਬੈਠੇ ਕੈਫੇ ਵੱਲ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਕੈਫੇ ਬੰਦ ਸੀ। ਹਾਲਾਂਕਿ, ਹੁਣ ਤੱਕ ਗੋਲੀਬਾਰੀ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ ਪਰ ਕੈਫੇ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਇਹ ਕੈਫੇ ਕੁਝ ਸਮਾਂ ਪਹਿਲਾਂ ਖੁੱਲ੍ਹਿਆ ਹੈ। ਸਥਾਨਕ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ 'ਤੇ ਕਪਿਲ ਸ਼ਰਮਾ ਵੱਲੋਂ ਹੁਣ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ।
ਗੋਲਡੀ ਢਿੱਲੋਂ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ
ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਗਿਆ ਸੀ, "ਜੈ ਸ਼੍ਰੀ ਰਾਮ, ਸਤਿ ਸ਼੍ਰੀ ਅਕਾਲ, ਸਾਰੇ ਭਰਾਵਾਂ ਨੂੰ ਰਾਮ ਰਾਮ। ਅੱਜ ਕਪਿਲ ਸ਼ਰਮਾ ਦੇ "ਕੈਪਸ ਕੈਫੇ" ਸਰੀ 'ਚ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਮੈਂ ਗੋਲਡੀ ਢਿੱਲੋਂ ਅਤੇ ਲਾਰੈਂਸ ਬਿਸ਼ਨੋਈ ਗੈਂਗ ਲੈਂਦੇ ਹਨ। ਇਸਨੂੰ ਅਸੀਂ ਫੋਨ ਕੀਤਾ ਸੀ ,ਇਸਨੂੰ ਰਿੰਗ ਸੁਣਾਈ ਨਹੀਂ ਦਿੱਤੀ, ਇਸ ਲਈ ਸਾਨੂੰ ਕਾਰਵਾਈ ਕਰਨੀ ਪਈ। ਜੇਕਰ ਉਸਨੂੰ ਫਿਰ ਵੀ ਰਿੰਗ ਨਹੀਂ ਸੁਣਾਈ ਦਿੰਦੀ ਤਾਂ ਅਸੀਂ ਜਲਦੀ ਹੀ ਅਗਲੀ ਕਾਰਵਾਈ ਮੁੰਬਈ ਵਿੱਚ ਕਰਾਂਗੇ। ਹਾਲਾਂਕਿ ਪੀਟੀਸੀ ਨਿਊਜ਼ ਇਸਦੀ ਪੁਸ਼ਟੀ ਨਹੀਂ ਕਰਦਾ।

ਕੈਫੇ ਵਿੱਚ 10 ਜੁਲਾਈ ਨੂੰ ਵੀ ਕੀਤੀ ਹੋਈ ਗੋਲੀਬਾਰੀ
ਇਸ ਤੋਂ ਪਹਿਲਾਂ ਪਿਛਲੇ ਮਹੀਨੇ 10 ਜੁਲਾਈ ਨੂੰ ਕਪਿਲ ਸ਼ਰਮਾ ਦੇ ਕੈਫੇ ਵਿੱਚ ਗੋਲੀਬਾਰੀ ਹੋਈ ਸੀ। ਹਮਲਾਵਰ ਨੇ ਗੋਲੀਬਾਰੀ ਦੀ ਵੀਡੀਓ ਵੀ ਬਣਾਈ ਸੀ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਹਮਲਾਵਰ ਨੇ ਕਾਰ ਵਿੱਚੋਂ ਪਿਸਤੌਲ ਕੱਢ ਕੇ 10 ਤੋਂ 12 ਗੋਲੀਆਂ ਚਲਾਈਆਂ ਸਨ। ਗੋਲੀਬਾਰੀ ਤੋਂ ਇੱਕ ਦਿਨ ਬਾਅਦ, ਕੈਫੇ ਪ੍ਰਬੰਧਨ ਨੇ 'ਇੰਸਟਾਗ੍ਰਾਮ' 'ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ ਇਸ ਸਦਮੇ ਤੋਂ ਉਭਰ ਰਹੇ ਹਨ, ਪਰ ਹਿੰਸਾ ਵਿਰੁੱਧ ਉਨ੍ਹਾਂ ਦਾ ਸਟੈਂਡ ਦ੍ਰਿੜ ਹੈ। ਬਿਆਨ ਵਿੱਚ ਕਿਹਾ ਗਿਆ ਹੈ, "ਇਹ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ।ਅਸੀਂ ਇਸ ਤੋਂ ਉਭਰ ਰਹੇ ਹਾਂ, ਅਸੀਂ ਹਾਰ ਨਹੀਂ ਮੰਨਾਂਗੇ।" "ਤੁਹਾਡੇ ਸਮਰਥਨ ਲਈ ਧੰਨਵਾਦ।
- PTC NEWS