Happy Passia : ਜਲਦ ਭਾਰਤ ਆਵੇਗਾ ਬੱਬਰ ਖਾਲਸਾ ਦਾ ਅੱਤਵਾਦੀ ਹੈਪੀ ਪਾਸੀਆ , ਪੰਜਾਬ-ਚੰਡੀਗੜ੍ਹ 'ਚ ਹੋਏ ਧਮਾਕਿਆਂ ਨੂੰ ਲੈ ਕੇ ਹੋਵੇਗੀ ਪੁੱਛਗਿੱਛ
Happy Passia : ਪੰਜਾਬ ਅਤੇ ਚੰਡੀਗੜ੍ਹ ਵਿੱਚ ਹੋਏ ਬੰਬ ਧਮਾਕਿਆਂ ਵਿੱਚ ਸ਼ਾਮਲ ਬੱਬਰ ਖਾਲਸਾ ਦੇ ਅੱਤਵਾਦੀ ਹੈਪੀ ਪਾਸੀਆ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਨੂੰ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ, ਜਿਸ ਨਾਲ ਅੱਤਵਾਦ ਅਤੇ ਗੈਂਗਸਟਰ ਨੈੱਟਵਰਕ ਦੀ ਕੜੀ ਤੋੜਨ ਵਿੱਚ ਮਦਦ ਮਿਲੇਗੀ।
ਦੱਸਣਯੋਗ ਹੈ ਕਿ 17 ਅਪ੍ਰੈਲ ਨੂੰ ਅਮਰੀਕੀ ਏਜੰਸੀ FBI ਨੇ ਹੈਪੀ ਪਾਸੀਆ ਨੂੰ ਸੈਕਰਾਮੈਂਟੋ ਤੋਂ ਹਿਰਾਸਤ ਵਿੱਚ ਲਿਆ ਸੀ। FBI ਨੇ ਗ੍ਰਿਫਤਾਰੀ ਦੀ ਫੋਟੋ ਵੀ ਜਾਰੀ ਕੀਤੀ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਉਹ ਭਾਰਤ ਵਿੱਚ ਹੋਏ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹੈ।
ਹੈਪੀ ਪਾਸੀਆ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਆਪਣੀ ਪਛਾਣ ਲੁਕਾਉਣ ਲਈ ਬਰਨਰ ਫੋਨ ਦੀ ਵਰਤੋਂ ਕਰਦਾ ਸੀ। ਫਿਲਹਾਲ ਉਹ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਦੀ ਹਿਰਾਸਤ 'ਚ ਹੈ।
ISI ਅਤੇ BKI ਨਾਲ ਨਜ਼ਦੀਕੀ, ਪੰਜਾਬ 'ਚ 14 ਤੋਂ ਵੱਧ ਹਮਲੇ
ਹੈਪੀ ਪਾਸੀਆ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦਾ ਕਰੀਬੀ ਮੰਨਿਆ ਜਾਂਦਾ ਹੈ। ਉਸਨੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਅਤੇ ਅੱਤਵਾਦੀ ਰਿੰਦਾ ਨਾਲ ਮਿਲ ਕੇ ਪੰਜਾਬ ਵਿੱਚ ਕਈ ਗ੍ਰਨੇਡ ਹਮਲੇ ਅਤੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ। ਸੂਤਰਾਂ ਅਨੁਸਾਰ ਹੈਪੀ ਪਾਸੀਆ ਦੀ ਅਮਰੀਕਾ ਵਿੱਚ ਮੌਜੂਦਗੀ ਦੀ ਸੂਚਨਾ ਕਾਫ਼ੀ ਸਮੇਂ ਤੋਂ ਸੀ। ਸੁਰੱਖਿਆ ਏਜੰਸੀਆਂ ਉਸ 'ਤੇ ਨਜ਼ਰ ਰੱਖ ਰਹੀਆਂ ਸਨ।
NIA ਨੇ ਐਲਾਨਿਆ ਸੀ 5 ਲੱਖ ਰੁਪਏ ਦਾ ਇਨਾਮ
ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਜਨਵਰੀ 2025 ਵਿੱਚ ਹੈਪੀ ਪਾਸੀਆ 'ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਉਸਨੂੰ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਲੋੜੀਂਦਾ ਘੋਸ਼ਿਤ ਕੀਤਾ ਗਿਆ ਸੀ। ਉਸਨੂੰ ਐਨਆਈਏ ਦੀ ਵੈੱਬਸਾਈਟ 'ਤੇ ਉਸਦੀ ਫੋਟੋ ਦੇ ਨਾਲ 'ਵਾਂਟੇਡ' ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਜਾਣੋ ਕੌਣ ਹੈ ਹੈਪੀ ਪਾਸੀਆ ?
ਜਾਣਕਾਰੀ ਅਨੁਸਾਰ ਐਫਬੀਆਈ ਅਤੇ ਯੂਐਸ ਆਈਸੀਈ ਨੇ ਹੈਪੀ ਪਾਸੀਆ ਨੂੰ 17 ਅਪ੍ਰੈਲ, 2025 ਨੂੰ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਗ੍ਰਿਫਤਾਰ ਕੀਤਾ ਸੀ। ਹੈਪੀ ਪਾਸੀਆ ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪਾਸੀਆ ਪਿੰਡ ਦਾ ਰਹਿਣ ਵਾਲਾ ਹੈ। ਉਸਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਉਸਦੇ ਅਮਰੀਕਾ ਸਥਿਤ ਸਾਥੀਆਂ ਨਾਲ ਅਪਰਾਧਿਕ ਗਤੀਵਿਧੀਆਂ ਸ਼ੁਰੂ ਕੀਤੀਆਂ ਸਨ। ਬਾਅਦ ਵਿੱਚ ਹੈਪੀ ਪਾਸੀਆ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਰਿੰਦਾ ਦਾ ਪ੍ਰਮੁੱਖ ਸਾਥੀ ਬਣ ਗਿਆ, ਜੋ ਪਾਕਿਸਤਾਨ ਸਮਰਥਿਤ ਆਈਐਸਆਈ ਦੀ ਸਿੱਧੀ ਕਮਾਂਡ ਹੇਠ ਕੰਮ ਕਰਦਾ ਸੀ। ਹੈਪੀ ਪਾਸੀਆ ਪੰਜਾਬ ਵਿੱਚ ਆਈਐਸਆਈ ਸਮਰਥਿਤ ਅੱਤਵਾਦੀ ਮਾਡਿਊਲਾਂ ਦਾ ਮੁੱਖ ਹੈਂਡਲਰ ਸੀ ਅਤੇ ਉਸਨੇ 2023-2025 ਦੇ ਵਿਚਕਾਰ ਰਾਜ ਭਰ ਵਿੱਚ ਟਾਰਗੇਟ ਕਿਲਿੰਗ, ਪੁਲਿਸ ਥਾਣਿਆਂ 'ਤੇ ਗ੍ਰਨੇਡ ਹਮਲਿਆਂ ਅਤੇ ਜਬਰੀ ਵਸੂਲੀ ਵਿੱਚ ਮੁੱਖ ਭੂਮਿਕਾ ਰਹੀ ਹੈ।
- PTC NEWS