Gurdaspur ’ਚ ਟਲਿਆ ਵੱਡਾ ਹਾਦਸਾ; ਗੋਦਾਮ ਦੇ ਬਾਹਰ ਖੜੀ ਟਰਾਲੀ ’ਚ ਵੱਜੀ ਕਾਰ, ਜਾਨੀ ਨੁਕਸਾਨ ਤੋਂ ਬਚਾਅ
ਅਕਸਰ ਝੋਨੇ ਤੇ ਕਣਕ ਦੇ ਸੀਜ਼ਨ ਵਿੱਚ ਗੁਦਾਮਾਂ ਦੇ ਬਾਹਰ ਟਰਕਾਂ ਟਰਾਲੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ, ਅਤੇ ਇਹਨਾਂ ਨੂੰ ਖਾਲੀ ਹੋਣ ਵਿੱਚ ਕਈ ਕਈ ਦਿਨ ਲੱਗ ਜਾਂਦੇ ਹਨ। ਇਸੇ ਤਰ੍ਹਾਂ ਹੀ ਗੁਰਦਾਸਪੁਰ ਦੇ ਕਲਾਨੌਰ ਰੋਡ ’ਤੇ ਵੀ ਗੋਦਾਮ ਵਿੱਚ ਲੇਬਰ ਦੀ ਕਮੀ ਕਾਰਨ ਕਈ ਕਈ ਦਿਨ ਟਰੱਕ ਟਰਾਲੀਆਂ ਨੂੰ ਖੜੇ ਹੋਣਾ ਪੈਂਦਾ ਹੈ ਜਿਸ ਕਾਰਨ ਗੋਦਾਮ ਦੇ ਦੋਨਾਂ ਪਾਸੇ ਦੋ ਦੋ ਕਿਲੋਮੀਟਰ ਤੱਕ ਲੰਬੀਆਂ ਤੱਕ ਕਤਾਰਾਂ ਲੱਗ ਜਾਂਦੀਆਂ ਹਨ।
ਅੱਧੀ ਸੜਕ ਘੇਰੇ ਹੋਣ ਕਾਰਨ ਇਹ ਕਤਾਰਾਂ ਦੁਰਘਟਨਾਵਾਂ ਦਾ ਵੀ ਕਾਰਨ ਬਣਦੀਆਂ ਹਨ । ਬੀਤੀ ਦੇਰ ਰਾਤ ਵੀ ਇਸੇ ਕਤਾਰ ਵਿੱਚ ਸਭ ਤੋਂ ਪਿੱਛੇ ਖੜੀ ਇੱਕ ਟਰਾਲੀ ਵਿੱਚ ਗੁਰਦਾਸਪੁਰ ਸਾਈਡ ਤੋਂ ਆ ਰਹੀ ਇੱਕ ਕਾਰ ਆ ਵੱਜੀ ਜਿਸ ਕਾਰਨ ਕਾਰ ਦੇ ਪਰਖੱਚੇ ਉੱਡ ਗਏ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ।
ਉਥੇ ਹੀ ਮੌਕੇ ’ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਯੂਥ ਸੂਬਾ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ ਸੀਜ਼ਨ ਵਿੱਚ ਇੱਥੇ ਇੱਕ ਦੁਰਘਟਨਾ ਦੌਰਾਨ ਨੌਜਵਾਨ ਦੀ ਮੌਤ ਹੋਈ ਸੀ ਅਤੇ ਇਸ ਸੀਜ਼ਨ ਵਿੱਚ ਵੀ ਚਾਰ ਪੰਜ ਦਿਨਾਂ ਵਿੱਚ ਇਹ ਤਿੰਨ ਦੁਰਘਟਨਾਵਾਂ ਹੋ ਚੁੱਕੀਆਂ ਹਨ। ਬੋਰੀਆਂ ਲੱਦੇ ਟਰੱਕ ਟਰਾਲੀਆਂ ਝੋਨੇ ਅਤੇ ਕਣਕ ਦੇ ਸੀਜਨ ਵਿੱਚ ਅੱਧੀ ਸੜਕ ਘੇਰ ਕੇ ਖੜੇ ਹੁੰਦੇ ਹਨ ਕਿਉਂਕਿ ਇਹਨਾਂ ਦੀ ਪਾਰਕਿੰਗ ਦਾ ਕੋਈ ਇੰਤਜ਼ਾਮ ਨਹੀਂ ਹੈ ਅਤੇ ਲੇਬਰ ਦੀ ਕਮੀ ਹੋਣ ਕਾਰਨ ਇਹ ਗੱਡੀਆਂ ਚਾਰ ਚਾਰ ਦਿਨ ਬਾਅਦ ਖਾਲੀ ਹੁੰਦੀਆਂ ਹਨ।
ਉਹਨਾਂ ਮੰਗ ਕੀਤੀ ਕਿ ਲਗਾਤਾਰ ਹੋ ਰਹੀਆਂ ਦੁਰਘਟਨਾਵਾਂ ਨੂੰ ਦੇਖਦੇ ਹੋਏ ਇੱਥੇ ਪੁਖਤਾ ਇੰਤਜ਼ਾਮ ਕੀਤੇ ਜਾਣ ਅਤੇ ਗੋਦਾਮ ਅਤੇ ਸੈਲਰ ਮਾਲਕ ਨੂੰ ਲੋੜ ਅਨੁਸਾਰ ਲੇਬਰ ਦਾ ਇੰਤਜ਼ਾਮ ਕਰਨ ਦੀ ਹਿਦਾਇਤ ਦਿੱਤੀ ਜਾਏ।
ਇਹ ਵੀ ਪੜ੍ਹੋ : Samana ਚ ਖ਼ਤਮ ਹੋਇਆ 'ਧਰਮ ਯੁੱਧ ਮੋਰਚਾ', 400 ਫੁੱਟ ਉੱਚੇ ਮੋਬਾਈਲ ਟਾਵਰ ’ਤੋਂ ਹੇਠਾਂ ਉਤਰੇ ਗੁਰਜੀਤ ਸਿੰਘ ਖਾਲਸਾ
- PTC NEWS