Amritsar 'ਚ ਮੈਡੀਕਲ ਸਟੋਰ ਮਾਲਕ ’ਤੇ ਜਾਨਲੇਵਾ ਹਮਲਾ, ਭਰਾ ਨੇ ਆਪਣੇ ਭਰਾ ਦੀ ਇੰਝ ਬਚਾਈ ਜਾਨ
Amritsar News : ਫਤਿਹਗੜ੍ਹ ਚੂੜੀਆਂ ਰੋਡ ਸਥਿਤ ਬਾਬਾ ਦੀਪ ਸਿੰਘ ਕਲੋਨੀ ਵਿੱਚ ਕੱਲ੍ਹ ਰਾਤ ਸਤਿਗੁਰੂ ਮੈਡੀਕਲ ਸਟੋਰ ਦੇ ਮਾਲਕ ਅਰੁਣਦੀਪ ਤੇ ਉਸਦੇ ਭਰਾ ਉੱਤੇ ਚਾਰ ਅਣਪਛਾਤੇ ਹਮਲਾਵਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਹਮਲਾਵਰਾਂ ਕੋਲ ਦਾਤਰ, ਗਾਤਰੇ ਤੇ ਹੋਰ ਨੁਕੀਲੇ ਹਥਿਆਰ ਸਨ। ਹਮਲਾਵਰ ਮੂੰਹ ਬੰਨ੍ਹ ਕੇ ਅੰਦਰ ਦਾਖਲ ਹੋਏ ਅਤੇ ਸਿੱਧਾ ਅਰੁਣਦੀਪ ਉੱਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਭਰਾ ਨੇ ਵੀ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਵੀ ਚੋਟਾਂ ਆਈਆਂ। ਹਮਲੇ ਕਾਰਨ ਦੋਵੇਂ ਭਰਾਵਾਂ ਨੂੰ ਗੰਭੀਰ ਸੱਟਾਂ ਆਈਆਂ, ਜਿਨ੍ਹਾਂ ਦੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਦੁੱਖ ਦੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਪਰਿਵਾਰ ਵੱਲੋਂ 112 ਨੰਬਰ ਤੇ ਸੂਚਨਾ ਦੇਣ ਬਾਵਜੂਦ ਪੁਲਿਸ ਵੱਲੋਂ ਮੌਕੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਹਾਲਾਂਕਿ, ਅੱਜ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਸ਼ਿਕਾਇਤ ਮਿਲਣ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਥਾਣਾ ਸਦਰ ਦੇ ਪੁਲਿਸ ਅਧਿਕਾਰੀ ਹਰਸੰਦੀਪ ਸਿੰਘ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਨੇ ਹਮਲਾਵਰਾਂ ਦੀ ਪਛਾਣ ਲਈ ਵਿਸ਼ੇਸ਼ ਟੀਮ ਬਣਾਈ ਹੈ ਜੋ ਇਲਾਕੇ 'ਚ ਸਰਚ ਆਪਰੇਸ਼ਨ ਚਲਾ ਰਹੀ ਹੈ। ਮੁਲਜ਼ਮ ਕਿਸੇ ਵੀ ਹਾਲਤ ਵਿੱਚ ਬਖ਼ਸ਼ੇ ਨਹੀਂ ਜਾਣਗੇ। ਉਹਨਾਂ ਕਿਹਾ ਕਿ ਆਲੇ ਦੁਆਲੇ ਦੇ ਸੀਸੀ ਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਤੇ ਪੀੜਿਤ ਜੋ ਵੀ ਬਿਆਨ ਦਰਜ ਕਰਵਾਉਣਗੇ ਉਸ ਹਿਸਾਬ ਦੇ ਨਾਲ ਬੰਨਦੀ ਕਾਰਵਾਈ ਕੀਤੀ ਜਾਵੇਗੀ
- PTC NEWS